ਝੋਨੇ ਦੇ ਗੈਰ ਪ੍ਰਮਾਣਿਤ /ਗੈਰ ਮਨਜੂਰਸੁਦਾ ਹਾਈਬ੍ਰਿਡ ਬੀਜ ਦੀ ਵਿੱਕਰੀ ‘ਤੇ ਰੋਕ: ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਝੋਨੇ ਦੇ ਗੈਰ ਪ੍ਰਮਾਣਿਤ /ਗੈਰ ਮਨਜੂਰਸੁਦਾ ਹਾਈਬ੍ਰਿਡ ਬੀਜ ਦੀ ਵਿੱਕਰੀ ‘ਤੇ ਰੋਕ: ਡਿਪਟੀ ਕਮਿਸ਼ਨਰ
ਰੂਪਨਗਰ, 24 ਮਾਰਚ: ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਝੋਨੇ ਦੇ ਗੈਰ ਪ੍ਰਮਾਣਿਤ/ਗੈਰ ਮਨਜੂਰਸੁਦਾ ਹਾਈਬ੍ਰਿਡ ਬੀਜਾਂ ਦੀ ਵਿਕਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਵਲੋਂ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਗਠਿਤ ਕੀਤੀਆਂ ਗਈਆਂ ਜ਼ਿਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਸਾਉਣੀ 2025 ਸੀਜ਼ਨ ਦੌਰਾਨ ਜ਼ਿਲ੍ਹੇ ਦੇ ਸਮੂਹ ਹੋਲਸੇਲ/ਰਿਟੇਲ ਬੀਜ ਵਿਕਰੇਤਾਵਾਂ ਦੀ ਨਿਰੰਤਰ ਚੈਕਿੰਗ ਕਰਨਗੀਆਂ ਅਤੇ ਦੋਸ਼ੀ ਪਾਏ ਗਏ ਡੀਲਰਾਂ ਖਿਲਾਫ ਸੀਡ ਐਕਟ 1966 ਅਤੇ ਹੋਰ ਸਬੰਧਤ ਐਕਟ ਅਤੇ ਆਡਰਾਂ ਤਹਿਤ ਕਾਰਵਾਈ ਕਰਨ ਲਈ ਪਾਬੰਦ ਹੋਣਗੀਆਂ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੇ ਗੈਰ ਪ੍ਰਮਾਣਿਤ/ਗੈਰ ਮਨਜੂਰਸੁਦਾ ਹਾਈਬ੍ਰਿਡ ਫਸਲ ਦੀ ਪੈਦਾਵਾਰ ਸੈਲਰਾਂ ਉਤੇ ਸਮੇਂ ਸਿਰ ਨਾ ਲੈਣ ਕਾਰਨ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਹੈ ਕਿ ਝੋਨੇ ਦੇ ਗੈਰ ਪ੍ਰਮਾਣਿਤ/ ਗੈਰ ਮਨਜੂਰਸੁਦਾ ਹਾਈਬ੍ਰਿਡ ਬੀਜਾਂ ਦੀ ਵਿਕਰੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਨਾਂ ਬਿੱਲ ਕੋਈ ਵੀ ਬੀਜ ਨਾ ਵੇਚਿਆ ਜਾਵੇ।
ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਸੀਜ਼ਨ ਦੌਰਾਨ ਬੀਜ ਦੀ ਖਰੀਦ ਸਮੇਂ ਡੀਲਰ ਤੋਂ ਪੱਕਾ ਬਿੱਲ ਜਰੂਰ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਝੋਨੇ ਦੀ ਫਸਲ ਦੀ ਵਿੱਕਰੀ ਸਮੇਂ ਖੋਜਲ-ਖੁਆਰੀ ਤੋਂ ਬਚਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਰਾਕੇਸ਼ ਕੁਮਾਰ, ਸਹਾਇਕ ਕਮਿਸ਼ਨਰ ਸਟੇਟ ਟੈਕਸ ਯਾਦਵਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਰੂਪਨਗਰ ਨੇ ਭਾਗ ਲਿਆ।