ਜ਼ਿਲ੍ਹੇ ਵਿੱਚ ਪੈਟਰੋਲ/ਡੀਜ਼ਲ ਤੇ ਐਲ ਪੀ ਜੀ ਦੀ ਕੋਈ ਘਾਟ ਨਹੀਂ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹੇ ਵਿੱਚ ਪੈਟਰੋਲ/ਡੀਜ਼ਲ ਤੇ ਐਲ ਪੀ ਜੀ ਦੀ ਕੋਈ ਘਾਟ ਨਹੀਂ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ
ਸਭ ਨੂੰ ਅਫਵਾਹਾਂ ਤੋਂ ਬਚਣ ਅਤੇ ਬਿਨਾ ਘਬਰਾਹਟ ਦੇ ਨਿਯਮਿਤ ਖਪਤ ਕਰਨ ਦੀ ਅਪੀਲ
ਪਾਈਪਡ ਨੈਚੁਰਲ ਗੈਸ ਦੇ ਕੁਨੈਕਸ਼ਨ ਰਾਹੀਂ ਘਰ ਸਿੱਧਾ ਕੁਨੈਕਸ਼ਨ ਲਿਆ ਜਾ ਸਕਦਾ
73409-98992 ਤੇ 01881-505487 ਸੰਪਰਕ ਕਰਕੇ ਪਾਈਪਡ ਨੈਚੁਰਲ ਗੈਸ ਦੇ ਕੁਨੈਕਸ਼ਨ ਦੀ ਜਾਣਕਾਰੀ ਲਓ
ਰੂਪਨਗਰ, 28 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਵੱਲੋਂ ਅੱਜ ਅਧਿਕਾਰੀਆਂ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਇੱਕ ਮਹੱਤਵਪੂਰਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰੂਪਨਗਰ ਡਾ. ਕਿੰਮੀ ਵਨੀਤ ਕੌਰ ਸੇਠੀ, ਸੇਲਜ਼ ਅਫ਼ਸਰ (ਆਇਲ ਮਾਰਕੀਟਿੰਗ ਕੰਪਨੀਆਂ) ਅਤੇ ਜ਼ਿਲ੍ਹੇ ਦੇ ਵੱਖ-ਵੱਖ ਪੈਟਰੋਲ ਪੰਪਾਂ ਦੇ ਮਾਲਕਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਆਇਲ ਮਾਰਕੀਟਿੰਗ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਦੀ ਸਪਲਾਈ ਪੂਰੀ ਤਰ੍ਹਾਂ ਨਿਰਵਿਘਨ ਅਤੇ ਲਗਾਤਾਰ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਇਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਲਪੀਜੀ ਗੈਸ ਸਪਲਾਈ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਅਸੁਵਿਧਾ ਨੂੰ ਤੁਰੰਤ ਦੂਰ ਕਰਨ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੈਟਰੋਲ ਜਾਂ ਡੀਜ਼ਲ ਦੀ ਘਾਟ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਨਾ ਹੀ ਘਬਰਾਹਟ ਵਿੱਚ ਆ ਕੇ ਵਧੇਰੇ ਮਾਤਰਾ ਵਿੱਚ ਇਸਦਾ ਸਟੋਰ ਕੀਤਾ ਜਾਵੇ।
ਉਨ੍ਹਾਂ ਹੋਰ ਕਿਹਾ ਕਿ ਆਮ ਜ਼ਰੂਰਤ ਅਨੁਸਾਰ ਹੀ ਐਲਪੀਜੀ ਦੀ ਖਪਤ ਕੀਤੀ ਜਾਵੇ ਤਾਂ ਜੋ ਸਪਲਾਈ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲਦੀ ਰਹੇ। ਡਿਪਟੀ ਕਮਿਸ਼ਨਰ ਵੱਲੋਂ ਆਇਲ ਕੰਪਨੀਆਂ ਦੇ ਸੇਲਜ਼ ਅਧਿਕਾਰੀਆਂ ਨਾਲ ਵੀ ਸਿੱਧੀ ਗੱਲਬਾਤ ਕੀਤੀ ਗਈ, ਜਿਨ੍ਹਾਂ ਵੱਲੋਂ ਦੁਬਾਰਾ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ ਰਹੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਈਪਡ ਨੈਚੁਰਲ ਗੈਸ ਦੇ ਕੁਨੈਕਸ਼ਨ ਰਾਹੀਂ ਸ਼ਹਿਰ ਵਾਸੀ ਆਪਣੇ ਘਰ ਵਿੱਚ ਸਿੱਧਾ ਗੈਸ ਕੁਨੈਕਸ਼ਨ ਲਿਆ ਜਾ ਸਕਦਾ ਜਿਸ ਲਈ ਸੰਪਰਕ ਨੰਬਰ 73409-98992 ਤੇ 01881-505487 ਉੱਤੇ ਰਾਬਤਾ ਕਰਕੇ ਕਰਕੇ ਪਾਈਪਡ ਨੈਚੁਰਲ ਗੈਸ ਦੇ ਕੁਨੈਕਸ਼ਨ ਦੀ ਜਾਣਕਾਰੀ ਲਈਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਫਵਾਹਾਂ ਉੱਤੇ ਵਿਸ਼ਵਾਸ ਨਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।