ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 10 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 10 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
ਰੂਪਨਗਰ, 09 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਲਗਾਏ ਜਾਂਦੇ ਹਫਤਾਵਰੀ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ 21 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 10 ਉਮੀਦਵਾਰਾਂ ਦੀ ਮੌਕੇ ਤੇ ਨੋਕਰੀ ਲਈ ਚੋਣ ਕਰ ਲਈ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਚੈਕਮੇਟ ਸਕਿਓਰਿਟੀ ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਪ੍ਰਾਪਤ ਮੰਗ ਅਨੁਸਾਰ ਇੰਟਰਵਿਊ ਲਈ ਗਈ।
ਇਸ ਕੈਂਪ ਵਿੱਚ ਚੈਕਮੇਟ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸਕਿਓਰਿਟੀ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਬਾਰਵੀਂ ਅਤੇ ਗ੍ਰੈਜੂਏਸ਼ਨ ਪਾਸ, ਐਕਸ ਸਕਿਓਰਿਟੀ ਗਾਰਡ ਦੀ ਅਸਾਮੀ ਲਈ ਦਸਵੀਂ ਅਤੇ ਬਾਰਵੀਂ ਪਾਸ, ਲੇਡੀ ਗਾਰਡ ਦੀ ਅਸਾਮੀ ਲਈ ਦਸਵੀਂ ਅਤੇ ਬਾਰਵੀਂ ਪਾਸ, ਸਕਿਓਰਿਟੀ ਗਾਰਡ ਦੀਆਂ ਅਸਾਮੀਆਂ ਲਈ ਦਸਵੀਂ ਅਤੇ ਬਾਰਵੀਂ ਪਾਸ ਵਿੱਦਿਅਕ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ । ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਸਕਿਓਰਿਟੀ ਸੁਪਰਵਾਈਜ਼ਰ ਦੀ ਅਸਾਮੀ ਤੇ 18,000/- ਤੋਂ 20,000/-, ਤਜਰਬੇਕਾਰ ਸਕਿਓਰਿਟੀ ਗਾਰਡ ਦੀ ਅਸਾਮੀ ਤੇ 17,500/- ਤੋਂ 19,500/-, ਸਕਿਓਰਿਟੀ ਗਾਰਡ ਦੀ ਅਸਾਮੀ ਤੇ ਤਨਖਾਹ 16,000/- ਤੋਂ 17,500/-, ਲੇਡੀ ਗਾਰਡ ਦੀ ਅਸਾਮੀ ਤੇ 15,500 ਤੋਂ 16,500/- ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਸਾਰੀਆਂ ਅਸਾਮੀਆਂ ਲਈ ਪੀ.ਐੱਫ ਅਤੇ ਈ.ਐਸ.ਆਈ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ਕੈਂਪ ਵਿੱਚ 18 ਤੋਂ 45 ਸਾਲ ਦੇ ਪੁਰਸ਼ ਅਤੇ ਇਸਤਰੀ ਦੋਵੇਂ ਉਮੀਦਵਾਰਾਂ ਨੇ ਭਾਗ ਲਿਆ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਪੰਜਾਬ ਅਤੇ ਗੁਜ਼ਰਾਤ ਹੋਵੇਗਾ।
ਮੀਨਕਾਸ਼ੀ ਬੇਦੀ, ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਆਯੋਜਿਤ ਕੀਤੇ ਜਾਂਦੇ ਪਲੇਸਮੈਂਟ ਕੈਂਪਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ।