ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 14 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 14 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
ਰੂਪਨਗਰ, 15 ਜੁਲਾਈ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਨਿਰੰਤਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ 15 ਜੁਲਾਈ 2025 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 19 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 14 ਉਮੀਦਵਾਰਾਂ ਦੀ ਵੱਖ-ਵੱਖ ਅਸਾਮੀਆਂ ਦੇ ਲਈ ਨੌਕਰੀ ਲਈ ਚੋਣ ਕੀਤੀ ਗਈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ
ਹੈਲਥ ਕੈਪਸ ਇੰਡੀਆ ਲਿਮਟਿਡ ਕੰਪਨੀ ਅਤੇ ਐਸ.ਐਮ.ਐਲ ਆਈਸੂਯੂ ਲਿਮਟਿਡ (ਸਵਰਾਜ਼ ਮਾਜ਼ਦਾ) ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਇੰਟਰਵਿਊ ਲਈ ਗਈ।
ਇਨ੍ਹਾਂ ਅਸਾਮੀਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਮਸ਼ੀਨ ਆਪਰੇਟਰ ਦੀਆਂ 50 ਅਸਾਮੀਆਂ ਲਈ ਆਈਟੀਆਈ (ਕੋਈ ਵੀ) ਯੋਗਤਾ ਵਾਲੇ ਨੌਜਵਾਨਾਂ ਦੀ ਇੰਟਰਵਿਊ ਲਈ ਗਈ ਅਤੇ ਇਸ ਅਸਾਮੀ ਲਈ ਚੁਣੇ ਜਾਣ ਵਾਲੇ ਉਮੀਦਵਾਰ ਨੂੰ 12000/- (ਪੀਐਫ + ਈਐਸਆਈ) ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਸਹਾਇਕ ਦੀਆਂ 50 ਅਸਾਮੀਆਂ ਲਈ ਦਸਵੀਂ ਜਾਂ ਬਾਰਵੀਂ ਪਾਸ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10,500/- ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਉਮੀਦਵਾਰ ਦੀ ਉਮਰ 18-40 ਸਾਲ ਹੋਣੀ ਚਾਹੀਦੀ ਸੀ। ਕੈਮਿਸਟ ਦੀਆਂ 50 ਅਸਾਮੀਆਂ ਲਈ ਬੀ.ਐਸ.ਸੀ (ਰਸਾਇਣ ਵਿਗਿਆਨ) ਯੋਗਤਾ ਲੋੜੀਂਦੀ ਸੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 15000/- ਪ੍ਰਤੀ ਮਹੀਨਾ ਤਨਖਾਹ ਅਤੇ ਪੀਐਫ + ਈਐਸਆਈ ਆਦਿ ਸਹੂਲਤਾਂ ਮਿਲਣਗੀਆਂ। ਕੰਪਨੀ ਵੱਲੋਂ ਇੱਕ ਸਾਲ ਦੀ ਰਿਹਾਇਸ਼, ਘੱਟ ਰੇਟ ਤੇ ਭੋਜਨ ਅਤੇ ਬੱਸ ਸੇਵਾ ਆਦਿ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਹਫਤਾਵਾਰੀ ਇੱਕ ਛੁੱਟੀ ਮਿਲੇਗੀ। ਨੌਕਰੀ ਕਰਨ ਦਾ ਸਥਾਨ ਪਿੰਡ ਫਤਿਹਪੁਰ ਮਾਜਰਾ ਜੱਟਾਂ ਐਸਬੀਐਸ ਨਗਰ ਸੀ।
ਇਸ ਤੋਂ ਇਲਾਵਾ ਐਸ.ਐਮ.ਐਲ ਆਈਸੂਯੂ ਲਿਮਟਿਡ (ਸਵਰਾਜ਼ ਮਾਜ਼ਦਾ) ਕੰਪਨੀ ਵੱਲੋਂ ਸੁਰੱਖਿਆ ਗਾਰਡ ਦੀਆਂ 10 ਅਸਾਮੀਆਂ ਲਈ ਦਸਵੀਂ ਅਤੇ ਬਾਰਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 12,577/- ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਪੀ.ਐੱਫ+ਈ.ਐਸ.ਆਈ ਦੀ ਸੁਵਿਧਾ ਮਿਲੇਗੀ। ਫਾਇਰਮੈਨ ਦੀਆਂ 4 ਅਸਾਮੀਆਂ ਲਈ ਫਾਇਰਮੈਨ ਡਿਪਲੋਮਾ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 13,800/- ਪ੍ਰਤੀ ਮਹੀਨਾ ਤਨਖਾਹ ਅਤੇ ਪੀ.ਐੱਫ ਅਤੇ ਈ.ਐਸ.ਆਈ ਦੀ ਸੁਵਿਧਾ ਮਿਲੇਗੀ। ਉਮੀਦਵਾਰ ਦੀ ਲੰਬਾਈ 5 ਫੁੱਟ 7 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਰੂਪਨਗਰ ਹੈ। ਇਸ ਕੈਂਪ ਵਿੱਚ ਕੇਵਲ ਪੁਰਸ਼ ਉਮੀਦਵਾਰ ਭਾਗ ਲੈ ਸਕਦੇ ਸਨ।
ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਆਯੋਜਿਤ ਕੀਤੇ ਜਾਂਦੇ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਲਾਭ ਲੈਣ।