ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਤੇ ਜੁਗਨੀ ਇਨੋਵ ਫਾਊਂਡੇਸ਼ਨ ਵੱਲੋਂ ਨੌਜਵਾਨਾਂ ਲਈ 5 ਦਿਨਾਂ ਦੀ ਮੁਫ਼ਤ ਉੱਦਮਤਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਤੇ ਜੁਗਨੀ ਇਨੋਵ ਫਾਊਂਡੇਸ਼ਨ ਵੱਲੋਂ ਨੌਜਵਾਨਾਂ ਲਈ 5 ਦਿਨਾਂ ਦੀ ਮੁਫ਼ਤ ਉੱਦਮਤਾ ਵਰਕਸ਼ਾਪ ਸਫਲਤਾਪੂਰਵਕ ਮੁਕੰਮਲ
ਵਰਕਸ਼ਾਪ ‘ਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ
ਰੂਪਨਗਰ, 10 ਜੁਲਾਈ: ਪੰਜਾਬ ਦੇ ਚਾਹਵਾਨ ਉੱਦਮੀਆਂ ਨੂੰ ਸਮਰੱਥ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀਬੀਈਈ) ਰੂਪਨਗਰ ਨੇ ਜੁਗਨੀ ਇਨੋਵ ਫਾਊਂਡੇਸ਼ਨ ਦੇ ਸਹਿਯੋਗ ਨਾਲ “ਰੰਗਲਾ ਸਟਾਰਟਅੱਪ ਪੰਜਾਬ” ਸਿਰਲੇਖ ਵਾਲੀ 5 ਦਿਨਾਂ ਉੱਦਮਤਾ ਵਰਕਸ਼ਾਪ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਪੇਂਡੂ ਅਤੇ ਅਰਧ-ਸ਼ਹਿਰੀ ਪਿਛੋਕੜ ਵਾਲੇ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੇ ਗਿਆਨ, ਮਾਨਸਿਕਤਾ ਅਤੇ ਸਾਧਨਾਂ ਨਾਲ ਪ੍ਰੇਰਿਤ ਕਰਨ ਲਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਵੈ-ਰੁਜ਼ਗਾਰ ਅਤੇ ਉੱਦਮਤਾ ਵਿਕਾਸ ਨੂੰ ਉਤਸ਼ਾਹਿਤ ਕਰਨਾ, ਪੰਜਾਬ ਦੇ ਸਮਾਜਿਕ-ਆਰਥਿਕ ਸੰਦਰਭ ਵਿੱਚ ਹੁਨਰ-ਅਧਾਰਤ ਵਿਹਾਰਕ ਸਿਖਲਾਈ ਦੀ ਪੇਸ਼ਕਸ਼ ਕਰਨਾ, ਸਥਾਨਕ ਉੱਦਮੀ ਪ੍ਰਤਿਭਾ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਅਤੇ ਫੰਡਿੰਗ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਸ਼ੁਰੂ ਤੋਂ ਹੀ ਵਿਹਾਰਕ ਕਾਰੋਬਾਰੀ ਵਿਚਾਰਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਨਾ ਸੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਗ੍ਰੈਜੂਏਟ ਪਾਸ, ਕਾਲਜ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀ, ਆਈ.ਟੀ.ਆਈ./ਪੌਲੀਟੈਕਨਿਕ ਪਾਸ ਨੌਜਵਾਨ, ਐਸ.ਐਚ.ਜੀ. (ਸੈੱਲਫ ਹੈਲਪ ਗਰੁੱਪ) ਅਤੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵਰਕਸ਼ਾਪ ਪੂਰੀ ਤਰ੍ਹਾਂ ਮੁਫ਼ਤ ਕਰਵਾਈ ਗਈ।
ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਨੇ ਦੱਸਿਆ ਕਿ ਜੁਗਨੀ ਇਨੋਵ ਫਾਊਂਡੇਸ਼ਨ, ਇੱਕ ਮਿਸ਼ਨ-ਸੰਚਾਲਿਤ ਪ੍ਰੋਗਰਾਮ ਹੈ ਜੋ ਪੰਜਾਬ ਭਰ ਵਿੱਚ ਜ਼ਮੀਨੀ ਪੱਧਰ ਤੇ ਪਹਿਲੀ ਪੀੜ੍ਹੀ ਦੇ ਸਿਖਿਆਰਥੀਆਂ, ਪੇਂਡੂ ਵਿਦਿਆਰਥੀਆਂ ਨਾਲ ਕੰਮ ਕਰਨ ਵਿੱਚ ਮਾਹਰ ਹੈ। ਉਨ੍ਹਾਂ ਵੱਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਵਰਕਾਸ਼ਾਪਾਂ ਕੇਵਲ ਵਰਕਸ਼ਾਪਾਂ ਨਹੀਂ ਹਨ ਬਲਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਸਿਰਜਣ ਵਾਲਿਆਂ ਵਿੱਚ ਬਦਲਣ ਦੀ ਇੱਕ ਲਹਿਰ ਹੈ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।