ਜਨ ਸੁਣਵਾਈ ਕੈਂਪ ਦੌਰਾਨ ਪਿੰਡ ਖੇੜੀ ਸਲਾਬਤਪੁਰ, ਝੱਲੀਆਂ ਖ਼ੁਰਦ ਤੇ ਕਮਾਲਪੁਰ ਦੇ ਲੋਕਾਂ ਦੀ ਸਮੱਸਿਆਵਾਂ ਦਾ ਕੀਤਾ ਨਿਪਟਾਰਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜਨ ਸੁਣਵਾਈ ਕੈਂਪ ਦੌਰਾਨ ਪਿੰਡ ਖੇੜੀ ਸਲਾਬਤਪੁਰ, ਝੱਲੀਆਂ ਖ਼ੁਰਦ ਤੇ ਕਮਾਲਪੁਰ ਦੇ ਲੋਕਾਂ ਦੀ ਸਮੱਸਿਆਵਾਂ ਦਾ ਕੀਤਾ ਨਿਪਟਾਰਾ
ਸ਼੍ਰੀ ਚਮਕੌਰ ਸਾਹਿਬ, 21 ਸਤੰਬਰ: ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਲਗਾਤਾਰ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕਰਕੇ ਲੋਕਾਂ ਦੀਆਂ ਸਮਸਿਆਵਾਂ ਨੂੰ ਉਨ੍ਹਾਂ ਦੇ ਦਰਾਂ ਉਤੇ ਜਾ ਕੇ ਹੱਲ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਫ਼ੀਲਡ ਅਫ਼ਸਰ ਸ਼੍ਰੀਮਤੀ ਅਨਮਜੋਤ ਕੌਰ ਨੇ ਸਰਕਾਰੀ ਸੀਨੀ. ਸੈਕੰ. ਸਕੂਲ ਪਿੰਡ ਖੇੜੀ ਸਲਾਬਤਪੁਰ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਕੀਤਾ। ਇਸ ਕੈਂਪ ਵਿਚ ਉਨ੍ਹਾਂ ਪਿੰਡ ਕਮਾਲਪੁਰ, ਖੇੜੀ ਸਲਾਬਤਪੁਰ ਤੇ ਝੱਲੀਆਂ ਖ਼ੁਰਦ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਲਦ ਹੱਲ ਕਰਨ ਦੀ ਹਦਾਇਤ ਕੀਤੀ।
ਇਸ ਕੈਂਪ ਦੌਰਾਨ ਪਿੰਡ ਖੇੜੀ ਸਲਾਬਤਪੁਰ ਦੇ ਸਰਪੰਚ ਅਮਰਸੰਗਰਾਮ ਸਿੰਘ, ਪਿੰਡ ਝੱਲੀਆਂ ਦੇ ਸਰਪੰਚ ਸਵਰਨ ਕੌਰ ਅਤੇ ਕਮਾਲਪੁਰ ਦੇ ਪੰਚ ਪ੍ਰਗਟ ਸਿੰਘ ਨੇ ਆਪਣੇ-ਆਪਣੇ ਪਿੰਡ ਦੀਆਂ ਮੁੱਖ ਸਮੱਸਿਆਵਾਂ ਉਤੇ ਚਾਨਣਾ ਪਾਇਆ ਜਿਸ ਵਿਚ ਸੜਕਾਂ ਦੀ ਸਮਸਿਆ, ਪਿੰਡ ਵਿੱਚ ਪਾਣੀ ਦੇ ਨਿਕਾਸ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਮੰਗ ਕੀਤੀ ਜਿਸ ਤੇ ਸੁਣਵਾਈ ਕਰਦਿਆਂ ਐੱਸ.ਡੀ.ਐਮ ਨੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਜਨ ਸੁਣਵਾਈ ਕੈਂਪ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਪ੍ਰੇਸ਼ਾਨੀਆਂ ਦੱਸੀਆਂ, ਜਿੰਨ੍ਹਾਂ ਵਿਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਦਰਖ਼ਾਸਤਾਂ ਮੌਕੇ ’ਤੇ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਚੇਤਨ ਬੰਗੜ, ਨਾਇਬ ਤਹਿਸੀਲਦਾਰ ਸ. ਦਲਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।