ਚਾਈਨਾਂ ਡੋਰ ਨੂੰ ਵੇਚਣ ਤੇ ਸਟੋਰ ਕਰਨ ਦੀ ਪੂਰਨ ਪਾਬੰਦੀ ਨੂੰ ਯਕੀਨੀ ਕਰਨ ਲਈ ਫਲਾਇੰਗ ਸਕਾਡ ਦਾ ਗਠਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਚਾਈਨਾਂ ਡੋਰ ਨੂੰ ਵੇਚਣ ਤੇ ਸਟੋਰ ਕਰਨ ਦੀ ਪੂਰਨ ਪਾਬੰਦੀ ਨੂੰ ਯਕੀਨੀ ਕਰਨ ਲਈ ਫਲਾਇੰਗ ਸਕਾਡ ਦਾ ਗਠਨ
ਰੂਪਨਗਰ, 19 ਜਨਵਰੀ: ਜ਼ਿਲ੍ਹੇ ਅੰਦਰ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾਂ ਡੋਰ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਨੂੰ ਯਕੀਨੀ ਬਣਾਉਣ ਲਈ ਫਲਾਇੰਗ ਸਕਾਡ ਦਾ ਗਠਨ ਗਿਆ ਹੈ। ਜਿਸ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਬਜ਼ਾਰਾਂ ਤੇ ਸਟੋਰ ਕਰਨ ਵਾਲੀਆਂ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸੇ ਮੁਹਿੰਮ ਅਧੀਨ ਸਬ-ਡਵੀਜ਼ਨ ਰੂਪਨਗਰ ਲਈ ਨਿਯੁਕਤ ਕੀਤੀ ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਸ. ਰਵਿੰਦਰ ਸਿੰਘ ਦੀ ਟੀਮ ਵੱਲੋਂ ਰੂਪਨਗਰ ਦੇ ਬਜ਼ਾਰਾਂ ਅਤੇ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੰਬੰਧੀ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਚਾਈਨਾ ਡੋਰ ਦੀ ਵਿਕਰੀ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਵਿਚ ਅੱਗੇ ਵੱਧ ਕੇ ਸਾਥ ਦੇਣ ਤਾਂ ਜੋ ਆਮ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਡੋਰ ਕਾਫੀ ਮਜ਼ਬੂਤ ਅਤੇ ਤੇਜ਼ਧਾਰ ਹੁੰਦੀ ਹੈ ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ, ਉਗਲਾਂ ਅਤੇ ਕੰਨ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਡੋਰ ਦੇ ਨਾਲ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਸਿਰਫ਼ ਇਨਸਾਨਾਂ ਲਈ ਹੀ ਖਤਰਨਾਕ ਨਹੀਂ ਸਗੋਂ ਕਿ ਪੰਛੀਆਂ ਲਈ ਵੀ ਬਹੁਤ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸਦੀ ਲਪੇਟ ਵਿੱਚ ਆ ਕੇ ਪੰਛੀਆਂ ਦੇ ਖੰਭ ਕੱਟੇ ਜਾਂਦੇ ਹਨ ਤੇ ਹੋਰ ਵੀ ਬਹੁਤ ਜਿਆਦਾ ਪੰਛਿਆਂ ਦਾ ਨੁਕਸਾਨ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਵੇਚਦਾ ਦਾ ਵਰਤੋਂ ਕਰਦਾ ਹੈ ਤਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਉਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰੇਂਜ ਦਫਤਰ ਤੋਂ ਬਲਵਿੰਦਰ ਸਿੰਘ ਤੇ ਅਮਰੀਕ ਸਿੰਘ ਅਤੇ ਪੁਲਿਸ ਕਰਮਚਾਰੀ ਹਾਜ਼ਰ ਸਨ।