ਗੱਡੀਆਂ ਦੀਆਂ ਰਜਿਸਟਰੇਸ਼ਨ, ਡਰਾਈਵਿੰਗ ਲਾਇਸੰਸਾਂ ਤੇ ਮਾਲ ਵਿਭਾਗ ਸਬੰਧੀ ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਵੀ ਮਿਲਣਗੀਆਂ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਗੱਡੀਆਂ ਦੀਆਂ ਰਜਿਸਟਰੇਸ਼ਨ, ਡਰਾਈਵਿੰਗ ਲਾਇਸੰਸਾਂ ਤੇ ਮਾਲ ਵਿਭਾਗ ਸਬੰਧੀ ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਵੀ ਮਿਲਣਗੀਆਂ – ਡਿਪਟੀ ਕਮਿਸ਼ਨਰ
1076 ਡਾਇਲ ਕਰਕੇ ਘਰ ਬੈਠੇ ਵੀ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ ਸੇਵਾਵਾਂ
ਰੂਪਨਗਰ, 14 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਦੀਆਂ ਕੁੱਲ 27 ਸੇਵਾਵਾਂ (15 ਡਰਾਈਵਿੰਗ ਲਾਇਸੰਸ ਨਾਲ ਸਬੰਧਤ ਤੇ 12 ਵਹੀਕਲ ਰਜਿਸਟਰੇਸ਼ਨ ਨਾਲ ਸਬੰਧਤ) ਜਿਵੇਂ ਕਿ ਡਰਾਈਵਿੰਗ ਲਾਇਸੈਂਸ ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤਾ ਤਬਦੀਲੀ, ਵਾਹਨ ਰਜਿਸਟ੍ਰੇਸ਼ਨ ਆਦਿ ਤੋਂ ਇਲਾਵਾ ਮਾਲ ਵਿਭਾਗ ਦੀਆਂ ਸੇਵਾਵਾਂ ਵੀ ਸੇਵਾ ਕੇਂਦਰਾਂ ਤੋਂ ਵੀ ਉਪਲੱਬਧ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਸਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਡਿਜੀਟਲ ਫਰਦ ਸੇਵਾ ਕੇਂਦਰਾਂ ’ਚੋਂ ਲਈ ਜਾ ਸਕਦੀ ਹੈ ਅਤੇ ਇਹ ਫਰਦ ਬਿਨੈਕਰਤਾ ਦੇ ਫੋਨ ’ਤੇ ਵਟਸਐਪ ਨੰਬਰ ’ਤੇ ਵੀ ਭੇਜੀ ਜਾਵੇਗੀ। ਇਸੇ ਤਰ੍ਹਾਂ ਦੂਜੀ ਸੇਵਾ ’ਚ ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿਚ ਅਰਜ਼ੀ ਦਿੱਤੀ ਜਾ ਸਕਦੀ ਹੈ, ਤੀਜੀ ਸੇਵਾ ’ਚ ਰਜਿਸਟਰਡ ਵਸੀਕੇ ਦੇ ਆਧਾਰ ਇੰਤਕਾਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਚੌਥੀ ਸੇਵਾ ਵਿੱਚ ਫਰਦ ਦੀ ਐਂਟਰੀ ਕਰਵਾਈ ਜਾ ਸਕਦੀ ਹੈ, ਜਿਸ ’ਚ ਫਰਦ ਦੇ ਰਿਕਾਰਡ ਵਿਚ ਦਰੁਸਤੀ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਪੰਜਵੀਂ ਸੇਵਾ ’ਚ ਰਪਟ ਦੀ ਐਂਟਰੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਇਹ ਵੀ ਸਹੂਲਤ ਦਿੱਤੀ ਗਈ ਹੈ ਕਿ 1076 ‘ਤੇ ਡਾਇਲ ਕਰਕੇ ਕੋਈ ਵੀ ਨਾਗਰਿਕ ਆਪਣੀ ਸਹੂਲਤ ਅਨੁਸਾਰ ਸਮਾਂ ਨਿਰਧਾਰਤ ਕਰ ਸਕਦਾ ਹੈ ਅਤੇ ਸੇਵਾ ਕੇਂਦਰ ਦਾ ਪ੍ਰਤੀਨਿਧੀ ਘਰ ਆ ਕੇ ਸਬੰਧਤ ਸੇਵਾ ਪ੍ਰਦਾਨ ਕਰੇਗਾ। ਇਸ ਦੇ ਲਈ ਸਿਰਫ 50 ਰੁਪਏ ਦਾ ਵਾਧੂ ਚਾਰਜ ਰੱਖਿਆ ਗਿਆ ਹੈ।