ਗਲਤ ਦਵਾਈ ਦੇ ਇਸ਼ਤਿਹਾਰਾਂ ‘ਤੇ ਰੋਕ – ਹੁਣ ਸ਼ਿਕਾਇਤ ਦਰਜ ਕਰਨਾ ਹੋਇਆ ਹੋਰ ਵੀ ਆਸਾਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਗਲਤ ਦਵਾਈ ਦੇ ਇਸ਼ਤਿਹਾਰਾਂ ‘ਤੇ ਰੋਕ – ਹੁਣ ਸ਼ਿਕਾਇਤ ਦਰਜ ਕਰਨਾ ਹੋਇਆ ਹੋਰ ਵੀ ਆਸਾਨ
ਲੋਕਾਂ ਦੀ ਸਿਹਤ ਦੀ ਰੱਖਿਆ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ”
ਗਲਤ ਦਵਾਈਆਂ ਦੇ ਇਸ਼ਤਿਹਾਰ ਸਬੰਧੀ dmraypb@gmail.com ਜਾਂ 0172-2743708 ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
ਰੂਪਨਗਰ, 22 ਅਗਸਤ: ਲੋਕਾਂ ਦੀ ਸਿਹਤ ਨਾਲ ਜੁੜੇ ਹਿੱਤਾਂ ਦੀ ਰੱਖਿਆ ਲਈ ਲਾਗੂ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਵਾਂ ਕਦਮ ਚੁੱਕਿਆ ਗਿਆ ਹੈ। ਇਸ ਐਕਟ ਦਾ ਮੁੱਖ ਉਦੇਸ਼ ਗਲਤ ਅਤੇ ਭ੍ਰਮਿਤ ਕਰਨ ਵਾਲੇ ਦਵਾਈਆਂ ਦੇ ਇਸ਼ਤਿਹਾਰਾਂ ‘ਤੇ ਰੋਕ ਲਗਾਉਣਾ ਅਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣਾ ਹੈ।
ਮੁੱਖ ਮੰਤਰੀ ਫ਼ੀਲਡ ਅਫ਼ਸਰ ਰੂਪਨਗਰ ਸ. ਜਸਜੀਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਆਫ ਆਯੂਰਵੈਦਾ-ਕਮ-ਸਟੇਟ ਲਾਇਸੰਸਿੰਗ ਅਥਾਰਟੀ, ਪੰਜਾਬ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਲਈ ਖਾਸ ਈਮੇਲ ਆਈ.ਡੀ. – dmraypb@gmail.com ਅਤੇ ਫੋਨ ਨੰਬਰ – 0172-2743708 ਜਾਰੀ ਕੀਤਾ ਗਿਆ ਹੈ। ਇਹ ਪਲੇਟਫਾਰਮ ਅਸਥਾਈ ਗ੍ਰੀਵੈਂਸ ਰੈਡਰੈੱਸਲ ਮਕੈਨਿਜ਼ਮ ਵਜੋਂ ਕੰਮ ਕਰੇਗਾ ਜਿਸ ਰਾਹੀਂ ਲੋਕ ਸਿੱਧਾ ਆਪਣੇ ਇਲਾਕੇ ਵਿੱਚ ਮਿਲ ਰਹੇ ਗਲਤ ਦਵਾਈ ਇਸ਼ਤਿਹਾਰਾਂ ਜਾਂ ਜਾਦੂਈ ਇਲਾਜ ਦੇ ਦਾਅਵਿਆਂ ਦੀ ਸ਼ਿਕਾਇਤ ਕਰ ਸਕਣਗੇ।
ਉਨ੍ਹਾਂ ਹੋਰ ਕਿਹਾ ਕਿ ਕਾਨੂੰਨ ਅਨੁਸਾਰ ਉਹ ਸਾਰੇ ਇਸ਼ਤਿਹਾਰ ਗੈਰਕਾਨੂੰਨੀ ਹਨ ਜਿਹਨਾਂ ਵਿੱਚ ਦਵਾਈਆਂ ਜਾਂ ਉਪਚਾਰਾਂ ਨੂੰ “ਤੁਰੰਤ”, “ਸੌ ਫ਼ੀਸਦੀ ਠੀਕ” ਜਾਂ “ਜਾਦੂਈ ਇਲਾਜ” ਵਜੋਂ ਦਰਸਾਇਆ ਜਾਂਦਾ ਹੈ। ਖ਼ਾਸਕਰ ਕੈਂਸਰ, ਸ਼ੂਗਰ, ਦਿਲ ਦੀਆਂ ਗੰਭੀਰ ਬਿਮਾਰੀਆਂ,ਬਾਂਝਪਨ,ਲਾਇਲਾਜ ਬਿਮਾਰੀਆਂ ਅਤੇ ਸੰਬੰਧਤ ਸਮੱਸਿਆਵਾਂ ਦਾ “ਫ਼ੌਰੀ ਹੱਲ” ਦੱਸਣ ਵਾਲੇ ਇਸ਼ਤਿਹਾਰਾਂ ‘ਤੇ ਪਾਬੰਦੀ ਹੈ।
ਮੁੱਖ ਮੰਤਰੀ ਫ਼ੀਲਡ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਦੂਈ ਦਾਅਵੇ ਵਾਲੇ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ। ਅਜਿਹੀ ਗਲਤ ਜਾਣਕਾਰੀ ‘ਤੇ ਵਿਸ਼ਵਾਸ ਕਰਨ ਨਾਲ ਇਲਾਜ ਵਿੱਚ ਦੇਰੀ ਅਤੇ ਸਿਹਤ ਸੰਬੰਧੀ ਗੰਭੀਰ ਖ਼ਤਰੇ ਪੈਦਾ ਹੋ ਸਕਦੇ ਹਨ। ਹਰ ਮਰੀਜ਼ ਨੂੰ ਸਿਰਫ਼ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਹੀ ਸਲਾਹ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਲੋਕਾਂ ਦੀ ਸਿਹਤ ਨਾਲ ਖਿਲਵਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਤਪਰ ਹੈ। ਜੇਕਰ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਗਲਤ ਦਵਾਈ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ ਤਾਂ ਉਸ ਦੀ ਸ਼ਿਕਾਇਤ ਤੁਰੰਤ dmraypb@gmail.com ਜਾਂ 0172-2743708 ‘ਤੇ ਕੀਤੀ ਜਾ ਸਕਦੀ ਹੈ।