ਕੇ.ਵੀ.ਕੇ. ਰੋਪੜ ਨੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਆਯੋਜਿਤ
![KVK Ropar held a meeting of the Scientific Advisory Committee](https://cdn.s3waas.gov.in/s3e2c0be24560d78c5e599c2a9c9d0bbd2/uploads/2025/02/2025020355.jpeg)
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕੇ.ਵੀ.ਕੇ. ਰੋਪੜ ਨੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਆਯੋਜਿਤ
ਰੂਪਨਗਰ, 31 ਜਨਵਰੀ: ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਪੰਜਾਬ ਐਗਰੀਕਲਚਰ ਲੁਧਿਆਣਾ ਅਤੇ ਆਈ.ਸੀ.ਏ.ਆਰ.(ਅਟਾਰੀ) ਜ਼ੋਨ 1 ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਵਿਗਿਆਨਕ ਸਲਾਹਕਾਰ ਕਮੇਟੀ ਦੀ ਸਾਲਾਨਾ ਮੀਟਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ।
ਇਹ ਮੀਟਿੰਗ ਉਪ ਨਿਰਦੇਸ਼ਕ (ਟ੍ਰੇਨਿੰਗ) ਕੇ.ਵੀ.ਕੇ. ਰੋਪੜ ਡਾ.ਸਤਬੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਦੀ ਪ੍ਰਧਾਨਗੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਡਾ. ਗੁਰਜਿੰਦਰ ਪਾਲ ਸਿੰਘ ਸੋਢੀ ਨੇ ਕੀਤੀ ਅਤੇ ਵਧੀਕ ਨਿਰਦੇਸ਼ਕ ਖੋਜ ਪੀ.ਏ.ਯੂ. ਲੁਧਿਆਣਾ ਡਾ.ਜੀ.ਐਸ. ਮਾਂਗਟ ਨੇ ਸਹਿ-ਪ੍ਰਧਾਨਗੀ ਕੀਤੀ। ਕੇ.ਵੀ.ਕੇ. ਮੁਹਾਲੀ ਦੇ ਉਪ ਨਿਰਦੇਸ਼ਕ ਡਾ. ਬੀ.ਐਸ. ਖੱਦਾ ਅਤੇ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਸ਼੍ਰੀ ਰਾਕੇਸ਼ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸੰਬੰਧਿਤ ਵਿਭਾਗਾਂ ਦੇ 40 ਅਧਿਕਾਰੀ, ਪ੍ਰਗਤੀਸ਼ੀਲ ਕਿਸਾਨ ਅਤੇ ਕਿਸਾਨ ਔਰਤਾਂ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਈਆਂ।
ਡਾ.ਸਤਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ 2024 ਦੇ ਦੌਰਾਨ ਕੇ.ਵੀ.ਕੇ. ਦੇ ਪ੍ਰੋਫਾਈਲ ਵਿੱਚ ਪ੍ਰਾਪਤੀਆਂ ਨੂੰ ਦਰਸਾਉਂਦੀ ਹੋਈ ਰਿਪੋਰਟ ਪੇਸ਼ ਕੀਤੀ। ਸਬੰਧਤ ਵਿਗਿਆਨੀਆਂ ਨੇ ਵੀ ਵੱਖ-ਵੱਖ ਵਿਭਾਗਾਂ ਵਿੱਚ ਹੋਈ ਕਾਰਵਾਈ ਅਤੇ ਤਰੱਕੀ ਦੇ ਬਾਰੇ ਪੇਸ਼ਕਸ਼ਾਂ ਕੀਤੀਆਂ।
ਡਾ.ਜੀ.ਪੀ.ਐਸ. ਸੋਢੀ ਨੇ ਸਥਾਈ ਖੇਤੀਬਾੜੀ ਲਈ ਯੂਨੀਵਰਸਿਟੀ ਦੀਆਂ ਨਵੀਨਤਮ ਸਿਫਾਰਸ਼ਾਂ ਅਤੇ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕੇ.ਵੀ.ਕੇ. ਨੂੰ ਅਣ ਪਹੁੰਚ ਪਿੰਡਾਂ ਤੱਕ ਵਧੇਰੇ ਪਹੁੰਚ ਕਰਨ ਦੀ ਤਜਵੀਜ਼ ਕੀਤੀ। ਡਾ. ਜੀ. ਐਸ. ਮਾਂਗਟ ਨੇ ਖੇਤੀ ਉਤਪਾਦਾਂ ਦੇ ਪ੍ਰੋਸੈਸਿੰਗ ਦੀ ਲੋੜ ਦਰਸਾਈ ਤਾਂ ਕਿ ਖੇਤੀਬਾੜੀ ਤੋਂ ਮਿਆਰੀ ਮੁਨਾਫਾ ਮਿਲ ਸਕੇ। ਇਹ ਮੀਟਿੰਗ ਵੱਖ-ਵੱਖ ਵਿਭਾਗਾਂ ਦੀਆਂ ਤਜਵੀਜ਼ਾਂ ਦੇ ਨਾਲ ਮੁਕੰਮਲ ਹੋਈ ਜਿਨ੍ਹਾਂ ਨੂੰ ਕੇਂਦਰ ਦੇ ਅਗਲੇ ਸਾਲ ਦੇ ਐਕਸ਼ਨ ਪਲਾਨ ਵਿੱਚ ਸ਼ਾਮਿਲ ਕੀਤਾ ਜਾਵੇਗਾ।