ਬੰਦ ਕਰੋ

ਕੁਦਰਤੀ ਆਪਦਾ ਮੌਕੇ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਹੋਈ ਵਿਸ਼ੇਸ਼ ਟ੍ਰੇਨਿੰਗ

ਪ੍ਰਕਾਸ਼ਨ ਦੀ ਮਿਤੀ : 20/06/2023
Special training to deal with natural calamity situations

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਰੂਪਨਗਰ

ਕੁਦਰਤੀ ਆਪਦਾ ਮੌਕੇ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਹੋਈ ਵਿਸ਼ੇਸ਼ ਟ੍ਰੇਨਿੰਗ

• ਰੂਪਨਗਰ ਸਮੇਤ ਸ਼ਹੀਤ ਭਗਤ ਸਿੰਘ ਨਗਰ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਅਧਿਕਾਰੀਆਂ ਨੇ ਭਾਗ ਲਿਆ

• ਕਿਸੇ ਵੀ ਕੁਦਰਤੀ ਆਪਦਾ ਤੋਂ ਪਹਿਲਾਂ ਕੀਤੇ ਪ੍ਰਬੰਧਾਂ ਨਾਲ ਬਚਾਇਆ ਜਾ ਸਕਦਾ ਹੈ ਜਾਨੀ-ਮਾਲੀ ਨੁਕਸਾਨ

• 13 ਜੁਲਾਈ ਨੂੰ ਹੜ੍ਹਾਂ ਦੀ ਸਥਿਤੀ ਸਬੰਧੀ ਰਾਜ ਪੱਧਰੀ ਅਭਿਆਸ ਹੋਵੇਗਾ

ਰੂਪਨਗਰ, 20 ਜੂਨ: ਕੁਦਰਤੀ ਆਪਦਾ ਮੌਕੇ ਗੰਭੀਰ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਅੱਜ ਕਮਿਸ਼ਨਰ ਰੂਪਨਗਰ ਮੰਡਲ ਸ਼੍ਰੀਮਤੀ ਇੰਦੂ ਮਲਹੋਤਰਾ ਦੀ ਅਗਵਾਈ ਅਧੀਨ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਜ਼ਿਲ੍ਹਾ ਇੰਸੀਡੈਂਟ ਰਿਸਪੋਂਸ ਟੀਮ ਦੀ ਭੂਮਿਕਾ ਅਤੇ ਪ੍ਰਬੰਧਾਂ ਨੂੰ ਯਕੀਨੀ ਕਰਨ ਲਈ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਮਾਲ, ਮੁੜ ਵਸੇਬਾ ਅਤੇ ਆਪਦਾ ਪ੍ਰਬੰਧਨ ਵਿਭਾਗ ਵਲੋਂ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿਚ ਟ੍ਰੇਨਿੰਗ ਦਿੰਦਿਆਂ ਬ੍ਰਿਗੇਡੀਅਰ (ਰਿਟਾ.) ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਦੇਖਿਆ ਜਾਵੇ ਤਾਂ ਇਹ ਹਿਮਾਲਿਆ ਦੀਆਂ ਜੜ੍ਹਾਂ ਵਿਚ ਹੈ ਅਤੇ ਸ਼ਿਵਾਲਿਕ ਦੇ ਮਿੱਟੀ ਦੇ ਪਹਾੜਾਂ ਨਾਲ ਘਿਰਿਆ ਹੋਇਆ ਹੈ ਜਿੱਥੇ ਭੂਚਾਲ ਅਤੇ ਹੜ੍ਹਾਂ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਹਿਮ ਟ੍ਰੇਨਿੰਗ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 13 ਜੁਲਾਈ ਨੂੰ ਹੜ੍ਹਾਂ ਦੀ ਸਥਿਤੀ ਸਬੰਧੀ ਰਾਜ ਪੱਧਰੀ ਅਭਿਆਸ ਵੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਆਉਣ ਉਪਰੰਤ ਸਭ ਤੋਂ ਅਹਿਮ ਰੋਲ ਇਨਫੋਰਮੈਸ਼ਨ ਰਿਸਪੋਂਸ ਟੀਮ ਦਾ ਹੁੰਦਾ ਹੈ ਜਿਸ ਵਲੋਂ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਕੇ ਆਪਣੇ ਸਰੋਤਾਂ ਦੇ ਅਨੁਸਾਰ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਬਚਾਅ ਕਾਰਜ ਸ਼ੁਰੂ ਕਰਨੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮਿਆਂ ਵਿਚ ਵਾਤਾਵਰਨ ਵਿਚ ਵੱਡੀਆਂ ਤਬਦੀਲੀਆਂ ਹੋਣ ਕਾਰਨ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਕਿਸੇ ਵੀ ਵੱਡੀ ਕੁਦਰਤੀ ਆਪਦਾ ਤੋਂ ਪਹਿਲਾਂ ਹਰ ਪੱਧਰ ਉੱਤੇ ਪ੍ਰਬੰਧਾਂ ਦੀ ਸਮੀਖਿਆ ਕਰੀਏ।

ਉਨ੍ਹਾਂ ਕਿਹਾ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ਉਤੇ ਵਿਆਪਕ ਪ੍ਰਣਾਲੀ ਨਿਰਧਾਰਿਤ ਕੀਤੀ ਗਈ ਹੈ ਜਿਸ ਦੁਆਰਾ ਹਰ ਕਿਸਮ ਦੇ ਬਚਾਅ ਕਾਰਜ ਅਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਕੁਦਰਤੀ ਆਪਦਾ ਉਪਰੰਤ ਵੱਖ-ਵੱਖ ਤਰ੍ਹਾਂ ਦੀ ਪ੍ਰਸਥਿਤੀਆਂ ਸਾਹਮਣੇ ਆਉਂਦੀਆਂ ਹਨ ਜਿਸ ਵਿਚ ਵੱਡੇ ਪੱਧਰ ਉਤੇ ਸਰਕਾਰੀ ਅਤੇ ਨਿੱਜੀ ਨੁਕਸਾਨ ਹੁੰਦਾ ਹੈ ਜਿਸ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਫੌਰੀ ਮੱਦਦ ਭੇਜਣੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਤੋਂ ਪਹਿਲਾਂ ਹੀ ਸਾਡੇ ਕੋਲ ਐਕਸ਼ਨ ਪਲਾਨ ਹੋਣਾ ਲਾਜ਼ਮੀ ਹੈ ਤਾਂ ਜੋ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਘੱਟ ਤੋਂ ਘੱਟ ਸਮੇਂ ਵਿਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ ਜਿਸ ਲਈ ਇਹ ਵੀ ਅਤਿ ਜ਼ਰੂਰੀ ਹੈ ਕਿ ਸਿਹਤ, ਟ੍ਰਾਂਸਪੋਰਟ, ਲੋਕ ਨਿਰਮਾਣ, ਫੂਡ ਸਪਲਾਈ ਵਰਗੇ ਵਿਭਾਗ ਆਪਣੇ ਨਾਲ ਸਬੰਧਿਤ ਸਰੋਤਾਂ ਦੀ ਤਕਨੀਕੀ ਤੇ ਯੋਗ ਢੰਗ ਦੇ ਨਾਲ ਵਰਤੋਂ ਕਰਨ।

ਉਨ੍ਹਾਂ ਕਿਹਾ ਕਿ ਸਰੋਤਾਂ ਦੀ ਸਹੀ ਵਰਤੋਂ ਕਰਨ ਅਤੇ ਇੱਕ ਥਾਂ ਉਤੇ ਇਕੱਠਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਕੋਈ ਸੁਰੱਖਿਅਤ ਸਥਾਨ ਨਿਰਧਾਰਿਤ ਕਰਨਾ ਚਾਹੀਦਾ ਹੈ ਜਿਥੋਂ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਪਹੁੰਚਾਈ ਜਾ ਸਕੇ। ਉਨ੍ਹਾ ਕਿਹਾ ਕਿ ਇਸ ਤਕਨੀਕ ਨਾਲ ਵੱਖ-ਵੱਖ ਇਲਾਕਿਆਂ ਵਿਚ ਜੇਕਰ ਨਿਰੰਤਰ ਪੜਾਅਵਾਰ ਰਾਹਤ ਪਹੁੰਚਾਈ ਜਾਂਦੀ ਹੈ ਤਾਂ ਕਾਫੀ ਹੱਦ ਤੱਕ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਤੋਂ ਪਹਿਲਾਂ ਬਚਾਅ ਕਾਰਜਾਂ ਦੀਆਂ ਤਿਆਰੀਆਂ ਅਤੇ ਬਚਾਅ ਦੇ ਸਰੋਤਾਂ ਦੀ ਸਹੀ ਵਰਤੋਂ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ ਜਿਸ ਲਈ ਐਨ ਡੀ ਆਰ ਐਫ਼ ਦੀ ਟੀਮਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਹ ਟੀਮਾਂ ਕੁਦਰਤੀ ਆਫ਼ਤ ਵਿਚ ਲੋਕਾਂ ਨੂੰ ਬਚਾਉਣ ਲਈ ਮਾਹਰ ਹੁੰਦੀਆਂ ਹਨ। ਜੋ ਜ਼ਿਲ੍ਹਾ ਪੱਧਰੀ ਮੈਨੇਜਮੈਂਟ ਅਥਾਰਟੀਆਂ ਨਾਲ ਸਾਂਝੇ ਤੌਰ ਉਤੇ ਮੁਹਿੰਮ ਚਲਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕੁਦਰਤੀ ਆਪਦਾ ਹੋਵੇ ਜਾਂ ਫਿਰ ਕੋਈ ਘਟਨਾ ਐਨ ਡੀ ਆਰ ਐਫ਼ ਦੀਆਂ ਟੀਮਾਂ ਨੂੰ ਘਟਨਾਸਥਲ ਉੱਤੇ ਪਹੁੰਚਣ ਨੂੰ ਸਮਾਂ ਲਗਦਾ ਹੈ ਇਸ ਦੌਰਾਨ ਟ੍ਰੇਨਡ ਕੀਤੇ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਹੀ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਵਿਚ ਤਾਲਮੇਲ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਬਿਨਾਂ ਰੋਕਾਵਟ ਪ੍ਰਭਾਵਿਤ ਲੋਕਾਂ ਦੀ ਮਦੱਦ ਕੀਤੀ ਜਾ ਸਕੇ।

ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਮਨੀਸ਼ਾ ਰਾਣਾ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਮੁੱਖ ਮੰਤਰੀ ਫਿਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ ਸ ਹਰਬੰਸ ਸਿੰਘ, ਐਸ.ਡੀ.ਐਮ ਸ ਅਮਰੀਕ ਸਿੰਘ, ਐਸ.ਡੀ.ਐਮ. ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਸਹਾਇਕ ਸਿਵਲ ਸਰਜਨ ਡਾ. ਅੰਜੂ, ਡੀ.ਐਸ.ਪੀ ਕੁਲਵਿੰਦਰ ਸਿੰਘ, ਤਹਿਸੀਲਦਾਰ ਜਸਪ੍ਰੀਤ ਸਿੰਘ, ਤਹਿਸੀਲਦਾਰ ਅੰਮ੍ਰਿਤਵੀਰ ਸਿੰਘ, ਤਹਿਸੀਲਦਾਰ ਚੇਤਨ ਬੰਗੜ, ਤਹਿਸੀਲਦਾਰ ਵਿਸ਼ਾਲ ਵਰਮਾ, ਅਸਿਸਟੈਂਟ ਪ੍ਰੋਫੇਸਰ ਡਾ. ਦਲਵਿੰਦਰ ਸਿੰਘ, ਫਾਇਰ ਅਫਸਰ ਸ਼ਿਵ ਕੁਮਾਰ ਸੈਣੀ, ਫਾਇਰ ਸਟੈਸ਼ਨ ਅਫਸਰ ਮੋਹਾਲੀ ਜਸਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਉੱਚ ਅਧਿਕਾਰੀ ਹਾਜਰ ਸਨ।