ਕਣਕ ਦੀ ਖਰੀਦ-ਵੇਚ ਲਈ ਜ਼ਿਲ੍ਹੇ ਵਿੱਚ ਪੁਖਤਾ ਪ੍ਰਬੰਧ ਕੀਤੇ : ਡਿਪਟੀ ਕਮਿਸ਼ਨਰ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਕਣਕ ਦੀ ਖਰੀਦ-ਵੇਚ ਲਈ ਜ਼ਿਲ੍ਹੇ ਵਿੱਚ ਪੁਖਤਾ ਪ੍ਰਬੰਧ ਕੀਤੇ : ਡਿਪਟੀ ਕਮਿਸ਼ਨਰ
ਰੂਪਨਗਰ, 06 ਅਪ੍ਰੈਲ:- ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਰੱਬੀ ਖਰੀਦ ਸੀਜ਼ਨ 01 ਅਪ੍ਰੈਲ 2023 ਤੋਂ ਸ਼ੁਰੂ ਹੋ ਗਿਆ ਹੈ। ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਕਣਕ ਨੂੰ ਖਰੀਦਣ ਅਤੇ ਕਣਕ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੀਆਂ 23 ਖਰੀਦ ਮੰਡੀਆਂ ਤੋਂ ਇਲਾਵਾ 23 ਸਬ ਮੰਡੀ ਯਾਰਡ/ਟੈਂਪਰੇਰੀ ਮੰਡੀ ਯਾਰਡ ਵੀ ਬਣਾਏ ਗਏ ਹਨ, ਇਨ੍ਹਾਂ ਵਿੱਚੋਂ ਰੂਪਨਗਰ ਵਿੱਚ 1 ਸ਼ੈਲਰ, ਮੋਰਿੰਡਾ ਵਿੱਚ 6 ਸ਼ੈਲਰ ਅਤੇ ਚਮਕੌਰ ਸਾਹਿਬ ਵਿੱਚ 10 ਸੈਲਰਾਂ ਨੂੰ ਆਰਜੀ ਮੰਡੀ ਯਾਰਡ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਕਿਸਾਨ ਆਪਣੀ ਫਸਲ ਲਿਆ ਕੇ ਵੇਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹਰੇਕ ਮੰਡੀ ਵਿਖੇ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਜੀ ਦੀ ਪ੍ਰਧਾਨਗੀ ਹੇਠ ਝਗੜਾ ਨਿਪਟਾਉ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਇਹ ਕਮੇਟੀਆਂ ਮੰਡੀਆਂ ਸਬੰਧੀ ਆਉਣ ਵਾਲੀਆਂ ਸ਼ਿਕਾਇਤਾਂ ਦਾ ਆਪਣੇ ਪੱਧਰ ਤੇ ਨਿਪਟਾਰਾ ਕਰਨ ਵਿਚ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦੀਆਂ ਲਿਸਟਾਂ ਸਮੇਤ ਫੋਨ ਨੰਬਰ ਸਬੰਧਤ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਉਪਲਬਧ ਹੋਣਗੀਆਂ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੰਡੀਆਂ ਸਬੰਧੀ ਜੇਕਰ ਕਿਸੇ ਵੀ ਕਿਸਾਨ ਅਤੇ ਆੜ੍ਹਤੀਏ ਦੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਮੰਡੀ ਨਾਲ ਸਬੰਧਤ ਝਗੜਾ ਨਿਪਟਾਊ ਕਮੇਟੀ ਨਾਲ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਾ ਨਿਪਟਾਰਾ ਮੌਕੇ ਤੇ ਹੀ ਕਰਵਾ ਸਕਦੇ ਹਨ।