ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ 31 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਅਰਜ਼ੀਆਂ ਭਰੀਆਂ ਜਾਣ-ਡਾ. ਗੁਰਬਚਨ ਸਿੰਘ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕਣਕ ਦਾ ਬੀਜ ਸਬਸਿਡੀ ਤੇ ਲੈਣ ਲਈ 31 ਅਕਤੂਬਰ ਤੱਕ ਆਨਲਾਈਨ ਪੋਰਟਲ ਤੇ ਅਰਜ਼ੀਆਂ ਭਰੀਆਂ ਜਾਣ-ਡਾ. ਗੁਰਬਚਨ ਸਿੰਘ
ਰੂਪਨਗਰ, 2 ਅਕਤੂਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨ ਵੀਰਾਂ ਨੂੰ ਮਿਆਰੀ ਕਣਕ ਦਾ ਬੀਜ ਮੌਕੇ ਤੇ ਸਬਸਿਡੀ ਕੱਟਕੇ ਘੱਟ ਰੇਟ ਤੇ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਦੀ ਜਾਰੀ ਪਾਲਿਸੀ ਅਨੁਸਾਰ ਕਿਸਾਨ ਸਬਸੀਡਾਈਜਡ ਕਣਕ ਬੀਜ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਤੇ ਆਈ.ਡੀ ਬਣਾਕੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਬਿਨੈ-ਪੱਤਰ 1 ਅਕਤੂਬਰ ਤੋਂ 31 ਅਕਤੂਬਰ ਤੱਕ ਭਰਨਗੇ, ਜਿਸ ਉਪਰੰਤ ਵਿਭਾਗ ਵੱਲੋ ਸੈਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ। ਜਿਸ ਦਾ ਸੰਦੇਸ਼ ਕਿਸਾਨ ਦੇ ਮੋਬਾਇਲ ਤੇ ਆਵੇਗਾ। ਕਿਸਾਨ ਆਪਣੀ ਆਈ.ਡੀ ਤੋਂ ਇਹ ਸੈਕਸ਼ਨ ਪੱਤਰ ਡਾਊਨਲੋਡ ਕਰ ਸਕਣਗੇ ਅਤੇ ਇਸ ਸੈਕਸ਼ਨ ਪੱਤਰ ਨੂੰ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿੱਚ ਜਮਾਂ ਕਰਵਾਉਣਗੇ। ਖੇਤੀਬਾੜੀ ਵਿਭਾਗ ਵੈਰੀਫਿਕੇਸ਼ਨ ਕਰਨ ਉਪਰੰਤ ਆਨਲਾਈਨ ਪਰਮਿਟ ਜਾਰੀ ਕਰੇਗਾ। ਜਿਸ ਨਾਲ ਕਿਸਾਨ ਕਣਕ ਦਾ ਮਿਆਰੀ ਤਸਦੀਕਸ਼ੁਦਾ ਬੀਜ ਘੱਟ ਰੇਟ ਤੇ ਖਰੀਦ ਸਕਣਗੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹਾੜੀ 2023-24 ਦੌਰਾਨ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਹਿੱਤ 3200 ਕਵਿੰਟਲ ਕਣਕ ਬੀਜ ਸਬਸਿਡੀ ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ,ਇਸ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕਣਕ ਬੀਜ ਤੇ ਸਬਸਿਡੀ ਕੇਵਲ ਕਣਕ ਦੀਆਂ ਭਾਰਤ ਸਰਕਾਰ ਵੱਲੋ ਨੋਟੀਫਾਈਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਸ਼ਿਫ਼ਾਰਿਸ਼ ਕੀਤੀਆਂ ਕਿਸਮਾਂ, ਉਨਤ ਪੀ ਬੀ ਡਬਲਿਊ 343, ਉਨਤ ਪੀ ਬੀ ਡਬਲਿਊ 550, ਪੀ ਬੀ ਡਬਲਿਊ 803, ਪੀ ਬੀ ਡਬਲਿਊ 824, ਪੀ ਬੀ ਡਬਲਿਊ 826, ਪੀ ਬੀ ਡਬਲਿਊ 869, ਪੀ ਬੀ ਡਬਲਿਊ 1 ਜਿੰਕ, ਪੀ ਬੀ ਡਬਲਿਊ 766, ਪੀ ਬੀ ਡਬਲਿਊ 1 ਚਪਾਤੀ, ਪੀ ਬੀ ਡਬਲਿਊ 725, ਪੀ ਬੀ ਡਬਲਿਊ 677, ਡੀ ਬੀ ਡਬਲਿਊ 187, ਡੀ ਬੀ ਡਬਲਿਊ 222, ਡੀ ਬੀ ਡਬਲਿਊ 303 ਅਤੇ ਪਿਛੇਤੀ ਬਿਜਾਈ ਲਈ ਪੀ ਬੀ ਡਬਲਿਊ 752 ਦੇ ਤਸਦੀਕਸ਼ੁਦਾ ਬੀਜ ਤੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸਾਨ ਵੀਰ ਆਨਲਾਈਨ ਪਰਮਿਟ ਪ੍ਰਾਪਤ ਉਪਰੰਤ ਪੰਜਾਬ ਰਾਜ ਬੀਜ ਪ੍ਰਮਾਣ ਸੰਸਥਾਂ ਵੱਲੋ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ ਸਹਿਕਾਰੀ ਅਦਾਰੇ ਜਿਸ ਵਿੱਚ ਪਨਸੀਡ, ਐਨ.ਐਸ.ਸੀ,ਪੀ.ਏ.ਯੂ ਲੁਧਿਆਣਾ,ਕਰਿਭਕੋ,ਆਈ.ਐਫ.ਐਫ.ਡੀ.ਸੀ, ਐਨ.ਐਫ.ਐਲ,ਪੰਜਾਬ ਐਗਰੋ ਦੇ ਸੇਲ ਸੈਂਟਰਾਂ ਜਾਂ ਉਨ੍ਹਾਂ ਦੇ ਅਧਿਕਾਰਿਤ ਡੀਲਰਾਂ ਪਾਸੋ ਹੀ ਤਸਦੀਕਸ਼ੁਦਾ (ਕੇਵਲ ਸਰਟੀਫਾਈਟ) ਬੀਜ ਸਬਸਿਡੀ ਦੀ ਰਕਮ ਕੱਟਕੇ ਪ੍ਰਾਪਤ ਕਰ ਸਕਦੇ ਹਨ।