ਐਚ.ਆਈ.ਵੀ ਏਡਜ਼ ਅਤੇ ਨਸ਼ਾ ਛੁਡਾਉਣ ਲਈ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਕਰਵਾਇਆ

ਐਚ.ਆਈ.ਵੀ ਏਡਜ਼ ਅਤੇ ਨਸ਼ਾ ਛੁਡਾਉਣ ਲਈ ਜਾਗਰੂਕਤਾ ਸਬੰਧੀ ਨੁੱਕੜ ਨਾਟਕ ਕਰਵਾਇਆ
ਰੂਪਨਗਰ, 23 ਅਗਸਤ: ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੇਬਰ ਚੌਂਕ ਰੋਪੜ ਵਿਖੇ ਐਚ.ਆਈ.ਵੀ ਏਡਜ਼ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ ਗਵਰਮੈਂਟ ਆਫ ਇੰਡੀਆ ਪੰਜਾਬ ਏਡਜ਼ ਕੰਟਰੋਲ ਕਮੇਟੀ ਵੱਲੋਂ ਏਡਜ਼ ਅਤੇ ਨਸ਼ਾ ਛੱਡਣ ਲਈ ਲੋਕਾਂ ਨੂੰ ਨੁੱਕੜ ਨਾਟਕ ਕਰਕੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਨੇ ਏਡਜ਼ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਡਜ਼ ਇੱਕ ਗੰਭੀਰ ਬਿਮਾਰੀ ਹੈ, ਇਸ ਦੀ ਜਾਗਰੂਕਤਾ ਵਿੱਚ ਹੀ ਇਸ ਦਾ ਬਚਾਅ ਹੈ।
ਉਨ੍ਹਾਂ ਦੱਸਿਆ ਕਿ ਏਡਜ਼ ਬਿਮਾਰੀ ਅਸੁੱਰਖਿਅਤ ਯੌਨ ਸੰਬੰਧ ਬਣਾਉਣ ਨਾਲ, ਦੂਸ਼ਿਤ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਨਾਲ ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣ ਨਾਲ ਅਤੇ ਐਚ.ਆਈ.ਵੀ ਗ੍ਰਸਿਤ ਮਾਂ ਤੋਂ ਬੱਚੇ ਨੂੰ ਅਤੇ ਆਈ.ਵੀ ਗ੍ਰਸਿਤ ਮਾਂ ਤੋਂ ਬੱਚੇ ਨੂੰ ਇਹ ਬਿਮਾਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਦੇ ਉਪਾਅ ਜਿਵੇਂ ਡਿਸਪੋਜ਼ਲ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਕਰੋ।
ਉਨ੍ਹਾਂ ਦੱਸਿਆ ਕਿ ਐਚ.ਆਈ.ਵੀ. ਦੇ ਇਲਾਜ ਬਾਰੇ ਸਮਾਜ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਏਡਜ਼ ਇਕੱਠੇ ਬੈਠਣ, ਖਾਣਾ ਖਾਣ, ਖੇਡਣ , ਹੱਥ ਫੜਨ, ਮੱਛਰ ਦੇ ਕੱਟਣ ਆਦਿ ਨਾਲ ਨਹੀਂ ਫੈਲਦੀ, ਇਸ ਸਬੰਧੀ ਅਜੇ ਵੀ ਜਾਗਰੂਕਤਾ ਦੀ ਲੋੜ ਹੈ ਤਾਂ ਜੋ ਏਡਜ਼ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਇਸ ਬਿਮਾਰੀ ਨੂੰ ਫੈਲਣ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਟੈਲੀਮਾਨਸ ਪ੍ਰਦਾਨ ਕੀਤੀ ਗਈ ਸੇਵਾ ਹੈ, ਜਿਸ ਵਿੱਚ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਮਾਨਸਿਕ ਸਿਹਤ ਮਾਹਿਰਾਂ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ। ਫ਼ੋਨ ਰਾਹੀਂ ਤੁਹਾਡੇ ਨਾਲ ਜੁੜੇ ਮਾਹਿਰ ਤੁਹਾਡੀਆਂ ਸਮੱਸਿਆਵਾਂ ਸੁਣਨਗੇ ਅਤੇ ਕਾਉਂਸਲਿੰਗ ਰਾਹੀਂ ਤੁਹਾਨੂੰ ਤੁਰੰਤ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ। ਜੇ ਉਹ ਮਹਿਸੂਸ ਕਰਦੇ ਹਨ ਕਿ ਤੁਹਾਨੂੰ ਉਹਨਾਂ ਨੂੰ ਆਹਮੋ-ਸਾਹਮਣੇ ਮਿਲਣ ਦੀ ਲੋੜ ਹੈ, ਤਾਂ ਉਹ ਇੱਕ ਮੁਲਾਕਾਤ ਕਰਨਗੇ ਜਾਂ ਤੁਹਾਨੂੰ ਤੁਹਾਡੇ ਖੇਤਰ ਦੇ ਨੇੜੇ ਮਾਨਸਿਕ ਸਿਹਤ ਮਾਹਰ ਕੋਲ ਭੇਜ ਦੇਣਗੇ। ਇਸ ਟੈਲੀ ਮਾਨਸ ਸੇਵਾ ਦਾ ਲਾਭ ਲੈਣ ਲਈ ਤੁਹਾਨੂੰ 14416 ਜਾਂ 1800-891-4416 ਉੱਤੇ ਕਾਲ ਕਰਨੀ ਪਵੇਗੀ। ਫਿਰ ਤੁਹਾਡੀ ਕਾਲ ਉਸ ਖੇਤਰ ਦੇ ਕਿਸੇ ਮਾਨਸਿਕ ਸਿਹਤ ਮਾਹਰ ਨੂੰ ਟ੍ਰਾਂਸਫਰ ਕੀਤੀ ਜਾਵੇਗੀ ਜਿੱਥੇ ਤੁਸੀਂ ਰਹਿੰਦੇ ਹੋ ਤਾਂ ਜੋ ਤੁਸੀਂ ਆਪਣੀ ਭਾਸ਼ਾ ਵਿੱਚ ਆਪਣੇ ਨਜ਼ਦੀਕੀ ਮਾਹਿਰਾਂ ਨਾਲ ਗੱਲ ਕਰ ਸਕੋ।
ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਜੋ ਨਸ਼ਾ ਕਰਦੇ ਹਨ, ਉਨ੍ਹਾਂ ਦਾ ਇਲਾਜ ਫਰੀ ਕੀਤਾ ਜਾਂਦਾ ਹੈ ਉਹਨਾਂ ਨੂੰ ਇੱਥੇ ਹਰ ਇੱਕ ਸਹੂਲਤ ਫਰੀ ਦਿੱਤੀ ਜਾਂਦੀ ਹੈ ਉਨ੍ਹਾਂ ਦਾ ਰਹਿਣਾ ਖਾਣਾ ਦਵਾਈਆਂ ਸਭ ਕੁਝ ਸਰਕਾਰ ਵੱਲੋਂ ਫਰੀ ਦਿੱਤਾ ਜਾਂਦਾ ਹੈ।
ਇਸ ਮੌਕੇ ਨਸ਼ਾ ਮੁਕਤੀ ਕੇਂਦਰ ਤੋਂ ਜਸਜੀਤ ਕੌਰ, ਪ੍ਰਭਜੋਤ ਕੌਰ ਅਤੇ ਸੁਮੇਧਾ, ਆਈਆਰਸੀਟੀਸੀ ਤੋਂ ਕਾਉਂਸਲਰ ਅਨੁਰਾਧਾ, ਐਮਐਲਟੀ ਤਰਨਜੀਤ ਕੌਰ, ਐਮਐਲਟੀ ਗੁਰਸਿਮਰਨ ਕੌਰ, ਐਸਐਸਕੇ ਮੈਨੇਜਰ ਸ਼ੋਭਾ ਕੁਮਾਰੀ, ਨੰਦਨੀ ਬਾਲਾ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ।