ਬੰਦ ਕਰੋ

ਇਤਿਹਾਸ

ਰੂਪਨਗਰ ਸ਼ਹਿਰ ਬਹੁਤ ਪੁਰਾਤਨਤਾ ਵਾਲਾ ਸ਼ਹਿਰ ਹੈ। ਕਿਹਾ ਜਾਂਦਾ ਹੈ ਕਿ ਸ਼ਹਿਰ ਦੀ ਨੀਂਹ ਰੋਕੇਸ਼ਰ ਨਾਂ ਦੇ ਰਾਜਾ ਨੇ ਰੱਖੀ ਸੀ ਜਿਸ ਨੇ 11ਵੀਂ ਸਦੀ ਵਿਚ ਰਾਜ ਕੀਤਾ ਅਤੇ ਆਪਣੇ ਪੁੱਤਰ ਰੂਪਸੇਨ ਦੇ ਨਾਂ ਤੇ ਰੂਪਨਗਰ ਨਾਂ ਰੱਖਿਆ। ਰੂਪਨਗਰ ਵਿਖੇ ਹਾਲ ਵਿਚ ਹੀ ਕੀਤੀਆਂ ਗਈਆਂ ਖੁਦਾਈਆਂ ਨੇ ਇਹ ਸਾਬਤ ਕੀਤਾ ਕਿ ਇਹ ਸ਼ਹਿਰ ਚੰਗੀ ਤਰ੍ਹਾਂ ਵਿਕਸਤ ਸਿੰਧੂ ਘਾਟੀ ਸਭਿਅਤਾ ਦਾ ਕੇਂਦਰ (ਸੀਟ) ਸੀ। ਪੰਜਾਬ ਦੇ ਮੁੱਢਲੇ ਇਤਿਹਾਸ ਵਿਚ ਸ਼ਾਇਦ ਰੂਪਨਗਰ ਹੀ ਅਜਿਹਾ ਖੁਦਾਈ ਵਾਲਾ ਸ਼ਹਿਰ ਹੈ ਜਿਹੜਾ ਸ਼ਹਿਰ ਜਾਂ ਛੋਟੇ ਕਸਬੇ ਦੇ ਰੁਤਬੇ ਦਾ ਦਾਅਵਾ ਕਰ ਸਕਦਾ ਹੈ। ਹਾਲ ਵਿੱਚ ਹੀ ਹੋਈਆਂ ਖੋਜਾਂ ਵਿਚ ਪ੍ਰਾਪਤ ਹੋਈਆਂ ਵਸਤੂਆਂ ਵਿਚ ਮਿੱਟੀ ਦੇ ਭਾਂਡੇ, ਮੂਰਤਾਂ, ਸਿੱਕੇ ਆਦਿ ਸ਼ਾਮਲ ਹਨ। ਇਹ ਸਾਬਤ ਕਰਦੀਆਂ ਹਨ ਕਿ ਇਹ ਸ਼ਹਿਰ ਹੜੱਪਾ-ਮੋਹਿੰਜੋਦਾੜੋ ਸਭਿਅਤਾ ਤੱਕ ਦਾ ਪੁਰਾਤਨ ਹੈ ਜਿਸ ਨੇ ਸਤਲੁਜ ਦਰਿਆ ਪਾਰ ਕੀਤਾ ਸੀ। ਉਨ੍ਹਾਂ ਵਿਚੋਂ ਕਈ ਇਥੇ ਵਸ ਗਏ। ਖੁਦਾਈ ਵਿਚ ਪ੍ਰਾਪਤ ਹੋਈਆਂ ਕਈ ਵਸਤੂਆਂ ਚੰਦਰ ਗੁਪਤ, ਕੁਸ਼ਾਨ, ਹੂਨ ਅਤੇ ਮੁਗਲ ਕਾਲ ਨਾਲ ਸਬੰਧਤ ਹਨ। ਦੁਰਲੱਭ ਲੱਭਤ ਵਿਚ ਪੱਥਰ ਦੀ ਮੁਹਰ ਹੈ ਜਿਸ ਉੱਤੇ ਸਿੰਧੀ ਲਿਪੀ ਵਿਚ ਤਿੰਨ ਅੱਖਰ ਉਕਰੇ ਹੋਏ ਹਨ। ਲੱਭਤਾਂ ਵਿਚੋਂ ਇੱਕ ਮੂਰਤ ਵਾਲ ਸਵਾਰਦੀ ਔਰਤ ਦੀ ਵੀ ਹੈ। ਇਹ ਸਭ ਸਾਬਤ ਕਰਦਾ ਹੈ ਕਿ 4000 ਸਾਲ ਪਹਿਲਾਂ ਸ਼ਹਿਰ ਵਿਚ ਰਹਿੰਦੇ ਲੋਕ ਪੂਰੀ ਤਰ੍ਹਾਂ ਸਭਿਅ ਸਨ।

ਕਈ ਇਤਿਹਾਸਕਾਰ ਇਸ ਵਿਚਾਰ ਦੇ ਹਨ ਕਿ ਜਦੋਂ ਸਭ ਤੋਂ ਪਹਿਲਾਂ ਮਨੁੱਖ ਉੱਤਰ ਵਿਚ ਪਹਾੜਾਂ ਤੋਂ ਮੈਦਾਨਾਂ ਵਿਚ ਆਇਆ ਹੈ ਤਾਂ ਉਹ ਰੋਪੜ ਵਿਖੇ ਵਸ ਗਿਆ। ਰੋਪੜ ਵਿਖੇ ਪੁਰਾਤਤਵ ਵਿਭਾਗ ਨੇ ਪਹਾੜੀ ਨੂੰ ਅਜੇ ਵੀ ਸੰਭਾਲਿਆ ਹੋਇਆ ਹੈ।

ਸਿਆਲਬਾ ਦੇ ਸ. ਹਰੀ ਸਿੰਘ ਰਈਸ ਨੇ ਰੋਪੜ ਨੂੰ 1763ਈ. ਵਿਚ ਜਿੱਤਿਆ ਅਤੇ ਅਪਣਾ ਰਾਜ ਸਥਾਪਤ ਕੀਤਾ। ਉਸ ਦੇ ਪੁੱਤਰ ਚੜ੍ਹਤ ਸਿੰਘ ਨੇ ਰੋਪੜ ਨੂੰ ਰਾਜ ਦੀ ਰਾਜਧਾਨੀ ਬਣਾਇਆ।

1763 ਵਿਚ ਸਰਹਿੰਦ ਦੀ ਹਾਰ ਤੋਂ ਬਾਅਦ ਰੂਪਨਗਰ ਸਿੱਖਾਂ ਦੇ ਮੁਖੀ ਹਰੀ ਸਿੰਘ ਦੇ ਅਧੀਨ ਆ ਗਿਆ। ਰੋਪੜ ਦਾ ਸਭ ਤੋਂ ਪ੍ਰਸਿੱਧ ਸ਼ਾਸਨ ਰਾਜਾ ਭੂਪ ਸਿੰਘ ਸੀ ਜਿਸ ਨੇ ਅੰਗਰੇਜ਼ਾਂ ਵਿਰੁੱਧ 1945 ਦੇ ਐਂਗਲੋ-ਸਿੱਖ ਯੁੱਧ ਵਿਚ ਮਹਾਰਾਜਾ ਦਲੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਨਾਬਾਲਗ ਪੁੱਤਰ, ਦੀ ਤਰਫੋਂ ਯੁੱਧ ਕੀਤਾ ਸੀ। ਨਤੀਜੇ ਵਜੋਂ, ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਰਾਜਾ ਭੂਪ ਸਿੰਘ ਦੇ ਰੋਪੜ ਰਾਜ ਨੂੰ ਖੋਹ ਲਿਆ ਗਿਆ।

ਰੋਪੜ ਜ਼ਿਲ੍ਹੇ ਦਾ ਇਤਿਹਾਸ ਅਸਲ ਵਿਚ ਮੁਗਲ ਜਬਰ, ਸ਼ੋਸ਼ਣਾਂ ਅਤੇ ਸਮਾਜਕ ਬੁਰਾਈਆਂ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਹੈ। ਸਰਸਾ ਨੰਗਲ ਵਿਖੇ ਇਸ ਜ਼ਿਲ੍ਹੇ ਵਿਚ ਮਹਾਨ ਗੁਰੂ ਜੀ ਅਪਣੇ ਪਰਿਵਾਰ ਤੋਂ ਵਿਛੜੇ ਸਨ ਅਤੇ ਚਮਕੌਰ ਸਾਹਿਬ ਵਲ ਨੂੰ ਗਏ ਜਿੱਥੇ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਸੱਚਾਈ ਲਈ ਲੜਦੇ ਹੋਏ ਸ਼ਹੀਦ ਹੋਏ ਅਤੇ ਗੁਰੂ ਸਾਹਿਬ ਸੰਘਰਸ਼ ਨੂੰ ਜਾਰੀ ਰੱਖਣ ਲਈ ਮਾਛੀਵਾੜਾ ਲਈ ਚੱਲ ਪਏ।

ਇਸ ਜ਼ਿਲ੍ਹੇ ਵਿਚ ਹੋਰ ਮਹੱਤਵਪੂਰਣ ਇਤਿਹਾਸਕ ਸਥਾਨ ਕੀਰਤਪੁਰ ਸਾਹਿਬ ਹੈ ਜਿਹੜਾ ਸਤਲੁਜ ਦਰਿਆ ਤੇ ਕੰਢੇ ਤੇ ਸਥਿਤ ਹੈ। ਇਹ ਸ਼ਹਿਰ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਵੱਲੋਂ ਕਹਿਲੂਰ ਦੇ ਰਾਜਾ ਭਾਗ ਚੰਦ ਤੋਂ ਬਾਬਾ ਗੁਰਦਿੱਤਾ ਰਾਹੀਂ ਜ਼ਮੀਨ ਖਰੀਦਣ ਤੋਂ ਬਾਅਦ ਵਸਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਦੀ ਸਥਾਪਤੀ ਬਾਰੇ ਭਵਿੱਖਬਾਣੀ ਕੀਤੀ ਸੀ। ਇਥੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਸੰਤ ਬੁੱਢਣ ਸ਼ਾਹ ਨੂੰ ਜੰਗਲ ਵਿਚ ਮਿਲੇ ਸਨ। ਇਥੇ ਸ਼ੀਸ਼ ਮਹਿਲ ਵਿਚ ਗੁਰੂ ਹਰਿਗੋਬਿੰਦ ਸਾਹਿਬ ਸੰਮਤ 1691 ਤੋਂ ਅਪਣੇ ਅੰਤਲੇ ਸਮੇਂ ਤੱਕ ਰਹੇ। ਸ੍ਰੀ ਗੁਰੂ ਹਰਿ ਰਾਇ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਇਸ ਸਥਾਨ ਤੇ ਜਨਮ ਲਿਆ ਅਤੇ ਇਸ ਸਥਾਨ ਤੇ ਹੀ ਉਨ੍ਹਾਂ ਨੂੰ ਗੁਰੂ ਗੱਦੀ ਪ੍ਰਾਪਤ ਹੋਈ। ਇਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਾਰੇ ਸੰਸਾਰ ਤੋਂ ਸਿੱਖ ਆ ਕੇ ਮੌਤ ਤੋਂ ਬਾਅਦ ਅਸਥੀਆਂ ਪ੍ਰਵਾਹ ਕਰਦੇ ਹਨ। ਇਥੋਂ ਤੱਕ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਬਿਭੂਤੀ ਵੀ ਦਿੱਲੀ ਤੋਂ ਲਿਆ ਕੇ ਇਥੇ ਸਥਾਪਤ ਕੀਤੀ ਗਈ ਸੀ। ਕੀਰਤਪੁਰ ਸਾਹਿਬ ਤੋਂ ਤਕਰੀਬਨ ਅੱਧਾ ਕੁ ਮੀਲ ਤੇ ਸੰਤ ਬੁੱਢਣ ਸ਼ਾਹ ਦਾ ਤਕੀਆ ਸਥਿਤ ਹੈ।

ਅਨੰਦਪੁਰ ਸਾਹਿਬ, ਇਸ ਜ਼ਿਲ੍ਹੇ ਦੇ ਇਤਿਹਾਸਕ ਸਥਾਨ ਦੀ ਨੀਂਹ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ 1723 ਈ. ਵਿਚ ਪਿੰਡ ਮੱਕੋਵਾਲ ਵਿਖੇ ਜ਼ਮੀਨ ਖਰੀਦਣ ਤੋਂ ਬਾਅਦ ਰੱਖੀ ਗਈ। ਇਸ ਥਾਂ ਤੇ ਮਹਾਨ ਨੌਵੇਂ ਗੁਰੂ ਜੀ ਨੇ ਤਪੱਸਿਆ ਕੀਤੀ ਸੀ ਜਿਸ ਦੀ ਯਾਦ ਵਿਚ ਗੁਰਦੁਆਰਾ ਭੌਰਾ ਸਾਹਿਬ ਬਣਾਇਆ ਗਿਆ। ਇਹ ਅਨੰਦਪੁਰ ਸਾਹਿਬ ਵਿਖੇ ਹੀ ਸੀ ਜਿਥੇ ਕਸ਼ਮੀਰੀ ਪੰਡਿਤ ਨੌਵੇ ਗੁਰੂ ਤੇਗ ਬਹਾਦਰ ਜੀ ਕੋਲ ਮੁਗਲ ਜ਼ੁਲਮ ਤੋਂ ਉਨ੍ਹਾਂ ਨੂੰ ਬਚਾਉਣ ਲਈ ਬੇਨਤੀ ਕਰਨ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਉਤੇ ਮੰਨਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਸਰਬੋਚ ਕੁਰਬਾਨੀ ਦੇਣ ਲਈ ਦਿੱਲੀ ਵੱਲ ਨੂੰ ਚੱਲ ਪਏ। ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਮੁੱਢਲਾ ਜੀਵਨ ਬਤੀਤ ਕੀਤਾ। ਇਥੇ ਹੀ ਮਹਾਨ ਗੁਰੂ ਜੀ ਨੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਚ ਸ਼ਸ਼ਤਰਾਂ ਦੀ ਵਰਤੋਂ ਵਿਚ ਨਿਪੁੰਨਤਾ ਹਾਸਲ ਕੀਤੀ।

ਇਸ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਵਿਚ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਿਰਜਣਾ ਕੀਤੀ ਅਤੇ ਇੱਕ ਸੱਭਿਆਚਾਰਕ ਇਨਕਲਾਬ ਲਿਆਉਂਦਾ। ਇਹ ਸਿੱਖਾਂ ਦਾ ਇਤਿਹਾਸ ਵਿਚ ਸਭ ਤੋਂ ਵਧੇਰੇ ਮਹੱਤਵਪੂਰਣ ਦਿਨ ਸੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜਿਆ ਖਾਲਸਾ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਅਧੀਨ ਪੰਜਾਬ ਦੀ ਸਰਬ ਸ਼ਕਤੀਮਾਨ ਤਾਕਤ ਬਣਿਆ। ਅਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਿਰਜਣਾ ਨਾ ਕੇਵਲ ਰੂਪਨਗਰ ਜ਼ਿਲ੍ਹੇ ਦੇ ਇਤਿਹਾਸ ਵਿਚ ਸਗੋਂ ਸਿੱਖਾਂ ਅਤੇ ਪੰਜਾਬ ਦੇ ਇਤਿਹਾਸ ਵਿਚ ਵੀ ਸਭ ਤੋਂ ਮਹੱਤਵਪੂਰਣ ਘਟਨਾ ਹੈ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਕੇਸਗੜ੍ਹ ਸਾਹਿਬ ਇਸ ਇਤਿਹਾਸਕ ਘਟਨਾ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਕਿਉਂਕਿ ਗੁਰੂ ਜੀ ਨੇ ਇਸੇ ਸਥਾਨ ਤੇ ਖਾਲਸਾ ਦੀ ਨੀਂਹ ਰੱਖੀ ਸੀ।

ਜ਼ਿਲ੍ਹੇ ਦੇ ਇਤਿਹਾਸ ਵਿਚ ਇਕ ਹੋਰ ਬਹੁਤ ਹੀ ਮਹੱਤਵਪੂਰਣ ਘਟਨਾ ਸ਼ਾਮਲ ਹੋਈ ਜਦੋਂ ਅਪ੍ਰੈਲ 1999 ਵਿਚ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ 300ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਾਰੇ ਸੰਸਾਰ ਤੋਂ ਸਮਾਜ ਦੇ ਹਰ ਤਬਕੇ ਤੋਂ ਲੱਖਾਂ ਲੋਕਾਂ ਤੋਂ ਇਲਾਵਾ, ਪ੍ਰਧਾਨ, ਮਹੱਤਵਪੂਰਣ ਧਾਰਮਕ, ਸਮਾਜਕ, ਰਾਜਨੀਤਿਕ ਅਤੇ ਪ੍ਰਸ਼ਾਸਕੀ ਹਸਤੀਆਂ ਨੇ ਤ੍ਰੈਸ਼ਤਾਬਦੀ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ ਅਤੇ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਅਨੰਦਪੁਰ ਸਾਹਿਬ ਦੇ ਇਤਿਹਾਸਕ ਸ਼ਹਿਰ ਨੂੰ ਸੈਲਾਨੀ ਕੇਂਦਰ ਜਾਂ ਸਥਾਨ ਵਜੋਂ ਵਿਕਸਤ ਕੀਤਾ ਗਿਆ ਹੈ। ਖਾਲਸਾ ਹੈਰੀਟੇਜ ਮੈਮੋਰੀਅਲ ਕੰਪਲੈਕਸ ਦੀ ਉਸਾਰੀ ਕੀਤੀ ਜੀ ਰਹੀ ਹੈ।