ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਵੱਡੀ ਪੁਲਾਂਘ – ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਵੱਡੀ ਪੁਲਾਂਘ – ਡਿਪਟੀ ਕਮਿਸ਼ਨਰ
ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ 25,143 ਮਰੀਜ਼ਾਂ ਦਾ ਸਫ਼ਲਤਾਪੂਰਵਕ ਮੁਫ਼ਤ ਇਲਾਜ ਅਤੇ 4,447 ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ
ਰੂਪਨਗਰ, 24 ਅਪ੍ਰੈਲ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਇੱਕ ਵੱਡੀ ਪੁਲਾਂਘ ਹੈ। ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ ਬਣਾਏ ਆਮ ਆਦਮੀ ਕਲੀਨਿਕਾਂ ਦਾ ਲਾਹਾ ਰੋਜ਼ਾਨਾ ਹਜ਼ਾਰਾਂ ਆਮ ਲੋਕ ਲੈ ਰਹੇ ਹਨ ਜਿਸ ਤਹਿਤ ਹਰ ਤਰ੍ਹਾਂ ਦੀ ਦਵਾਈਆਂ ਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਬਣਾਏ ਗਏ 23 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 25,143 ਮਰੀਜ਼ਾਂ ਦਾ ਸਫ਼ਲਤਾਪੂਰਵਕ ਮੁਫ਼ਤ ਇਲਾਜ ਕੀਤਾ ਗਿਆ ਅਤੇ ਇਸਦੇ ਨਾਲ ਹੀ 4,447 ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਵੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਮੁੱਢਲੀਆਂ ਸਿਹਤ ਸਹੂਲਤਾਂ, ਚੈਕਅੱਪ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜਿੱਥੇ ਹਜ਼ਾਰਾਂ ਮਰੀਜ਼ ਬਿਨਾਂ ਕਿਸੇ ਦਿੱਕਤ ਦੇ ਆਪਣੇ ਘਰਾਂ ਦੇ ਨੇੜੇ ਚੈਕਅੱਪ ਅਤੇ ਦਵਾਈ ਦੀ ਮੁੱਢਲੀ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੰਬਾ ਇੰਤਜ਼ਾਰ ਕਰਨ ਦੀ ਪਰੇਸ਼ਾਨੀ ਨੂੰ ਘਟਾ ਦਿੱਤਾ ਹੈ। ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ਼ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਦਾ ਦਬਾਅ ਪਹਿਲਾਂ ਤੋਂ ਘਟਿਆ ਹੈ, ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਦਵਾਈਆਂ ਅਤੇ ਚੈਕਅੱਪ ਦੀ ਸਹੂਲਤ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਦਾ ਆਪਣਾ ਵਾਅਦਾ ਤੇ ਗਾਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵੀ ਹੁਣ ਓਪੀਡੀ ਦੇ ਬੋਝ ਤੋਂ ਕਾਫੀ ਹੱਦ ਤੱਕ ਮੁਕਤ ਹੋ ਰਹੇ ਹਨ ਅਤੇ ਮਾਹਿਰ ਡਾਕਟਰ ਅਤੇ ਮੈਡੀਕਲ ਸਟਾਫ਼ ਲਗਾਤਾਰ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ।