ਬੰਦ ਕਰੋ

ਸਪਰਸ਼ ਪੈਨਸ਼ਨ ਧਾਰਕ ਸਾਬਕਾ ਸੈਨਿਕਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਰੂਪਨਗਰ ਵਿਖੇ ਦੋ ਦਿਨਾਂ ਵਿਸ਼ੇਸ਼ ਕੈਂਪ

ਪ੍ਰਕਾਸ਼ਨ ਦੀ ਮਿਤੀ : 12/01/2026

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਪਰਸ਼ ਪੈਨਸ਼ਨ ਧਾਰਕ ਸਾਬਕਾ ਸੈਨਿਕਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਰੂਪਨਗਰ ਵਿਖੇ ਦੋ ਦਿਨਾਂ ਵਿਸ਼ੇਸ਼ ਕੈਂਪ

12 ਜਨਵਰੀ, ਰੂਪਨਗਰ : ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸਹਿਯੋਗ ਨਾਲ ਦਸਵੇਂ ਸਸ਼ਸਤ੍ਰ ਫੌਜਾਂ ਦੇ ਸਾਬਕਾ ਸੈਨਿਕ ਦਿਵਸ ਦੇ ਮੌਕੇ ‘ਤੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਰੂਪਨਗਰ ਵਿਖੇ ਮਿਤੀ 14 ਜਨਵਰੀ 2026 ਅਤੇ 15 ਜਨਵਰੀ 2026 ਨੂੰ ਲਗਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਸਰਬਜੀਤ ਸਿੰਘ ਸੈਣੀ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ, ਰੂਪਨਗਰ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਸਾਬਕਾ ਸੈਨਿਕਾਂ ਅਤੇ ਆਸ਼ਰਿਤਾਂ ਦੀ ਸਹੂਲਤ ਲਈ ਲਗਾਇਆ ਜਾ ਰਿਹਾ ਹੈ ਜੋ ਸਪਰਸ਼ ਪੋਰਟਲ ਰਾਹੀਂ ਪੈਨਸ਼ਨ ਪ੍ਰਾਪਤ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਪਰਸ਼ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ, ਪੈਨਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਦੇ ਨਿਪਟਾਰੇ ਅਤੇ ਹੋਰ ਤਕਨੀਕੀ ਮੁੱਦਿਆਂ ਬਾਰੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਲੈਫਟੀਨੈਂਟ ਕਰਨਲ (ਸੇਵਾ ਮੁਕਤ) ਸਰਬਜੀਤ ਸਿੰਘ ਸੈਣੀ ਨੇ ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਸੰਬੰਧੀ ਸਮੱਸਿਆ ਆ ਰਹੀ ਹੈ, ਉਹ ਨਿਰਧਾਰਤ ਮਿਤੀਆਂ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਰੂਪਨਗਰ ਵਿਖੇ ਪਹੁੰਚ ਕਰਕੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।