ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਮੌਕੇ ਸਿਹਤ ਵਿਭਾਗ ਵੱਲੋਂ ਕੀਤੇ ਇੰਤਜ਼ਾਮਾਂ ਦਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਹਤਿੰਦਰ ਕੌਰ ਨੇ ਲਿਆ ਜਾਇਜ਼ਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਮੌਕੇ ਸਿਹਤ ਵਿਭਾਗ ਵੱਲੋਂ ਕੀਤੇ ਇੰਤਜ਼ਾਮਾਂ ਦਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਹਤਿੰਦਰ ਕੌਰ ਨੇ ਲਿਆ ਜਾਇਜ਼ਾ
ਰੂਪਨਗਰ, 19 ਨਵੰਬਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਸੁਚਾਰੂ, ਸੁਵਿਧਾਜਨਕ ਤਰੀਕੇ ਨਾਲ ਮਨਾਉਣ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੀਤੀਆਂ ਵਿਆਪਕ ਤਿਆਰੀਆਂ ਦੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਹਤਿੰਦਰ ਕੌਰ ਵੱਲੋਂ ਅੱਜ ਮੌਕੇ ‘ਤੇ ਪਹੁੰਚ ਕੇ ਸੰਪੂਰਨ ਸਮੀਖਿਆ ਕੀਤੀ ਗਈ ਤੇ ਸਿਹਤ ਸਹੂਲਤ ਕੇਂਦਰਾਂ, ਐਮਰਜੈਂਸੀ ਪ੍ਰਬੰਧਾਂ ਅਤੇ ਮੈਡੀਕਲ ਰਿਸਪਾਂਸ ਮਕੈਨਿਜ਼ਮ ਦਾ ਵਿਸਥਾਰ ਨਾਲ ਜਾਇਜ਼ਾ ਲਿਆ।
ਡਾ. ਹਤਿੰਦਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਰਫ ਸਿੱਖ ਇਤਿਹਾਸ ਹੀ ਨਹੀਂ, ਸਾਰੇ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ। ਇਸ ਮਹੱਤਵਪੂਰਨ ਸਮਾਰੋਹ ਲਈ ਹਰ ਰੋਜ਼ ਹਜ਼ਾਰਾਂ ਦੀ ਸੰਖਿਆ ਵਿੱਚ ਸੰਗਤ ਦੇ ਆਉਣ ਦੀ ਉਮੀਦ ਹੈ, ਜਿਸ ਕਰਕੇ ਵਿਭਾਗ ਵੱਲੋਂ ਸੁਰੱਖਿਆ, ਸਿਹਤ ਸੇਵਾਵਾਂ ਅਤੇ ਤੁਰੰਤ ਮਦਦ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੂਹ ਪ੍ਰਬੰਧਾਂ ਨੂੰ ਹਰੇਕ ਪੱਖੋਂ ਪੂਰਾ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਫੋਰੀ ਤੌਰ ਤੇ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ।
ਡਾਇਰੈਕਟਰ ਸਿਹਤ ਸੇਵਾਵਾਂ ਨੇ ਸਥਾਨਕ ਅਧਿਕਾਰੀਆਂ ਸਮੇਤ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨਾਲ ਵਿਸਤਾਰਤ ਮੀਟਿੰਗ ਵੀ ਕੀਤੀ, ਜਿਸ ਵਿੱਚ ਆਮ ਆਦਮੀ ਕਲੀਨਿਕਾ ਦੀ ਸਥਾਪਨਾ, ਐਂਬੂਲੈਂਸਾਂ ਦੀ ਤੈਨਾਤੀ, ਸਟਾਫ਼ ਦੀਆਂ ਡਿਊਟੀਆਂ, ਦਵਾਈਆਂ ਦੀ ਉਪਲਬਧਤਾ, ਪਾਣੀ ਦੇ ਪ੍ਰਬੰਧ, ਸਫਾਈ ਦੇ ਪ੍ਰਬੰਧ ਅਤੇ ਬਿਮਾਰੀਆਂ ਤੋਂ ਬਚਾਅ ਲਈ ਫੋਗਿੰਗ ਕਰਨ ਲਈ ਕੀਤੇ ਜਾ ਰਹੇ ਕਦਮਾਂ ‘ਤੇ ਵਿਚਾਰ-ਵਿਮਰਸ਼ ਕੀਤਾ ਗਿਆ।
ਇਸ ਮੌਕੇ ਤੇ ਉਨ੍ਹਾਂ ਨੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਆਉਣ ਵਾਲੀ ਸੰਗਤ ਨੂੰ ਸਿਹਤ ਸਹੂਲਤਾਂ ਸਬੰਧੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਅਤੇ ਐਮਰਜੈਂਸੀ ਰਿਸਪਾਂਸ ਟੀਮ ਤੁਰੰਤ ਮੌਕੇ ‘ਤੇ ਪਹੁੰਚਣ ਲਈ ਤਿਆਰ ਰਹੇਗੀ।
ਇਸ ਮੌਕੇ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਤਿਆਰ ਕੀਤੇ ਗਏ ਸੀ.ਸੀ.ਯੂ. (ਕ੍ਰਿਟੀਕਲ ਕੇਅਰ ਯੂਨਿਟ), ਐਮਰਜੈਂਸੀ ਵਾਰਡ ਦਾ ਨਿਰੀਖਣ ਕੀਤਾ ਗਿਆ ਅਤੇ ਜਰੂਰੀ ਦਿਸ਼ਾ – ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਸੁਭਾਸ਼, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅੰਜਲੀ ਚੌਧਰੀ, ਸੀਨੀਅਰ ਮੈਡੀਕਲ ਅਫਸਰ ਡਾ. ਸਿਮਰਨਜੀਤ ਕੌਰ, ਜ਼ਿਲ੍ਹਾ ਐਪੀਡਿਮੋਲਜਿਸਟ ਡਾ. ਹਰਲੀਨ ਕੌਰ, ਡਾ. ਸੰਦੀਪ ਮਾਵੀ, ਡਾ. ਸੰਜੀਵ, ਬੀ.ਸੀ.ਸੀ.ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜ਼ਰ ਸਨ।