ਸ੍ਰੀ ਅਨੰਦਪੁਰ ਸਾਹਿਬ ਵਿੱਚ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸ੍ਰੀ ਅਨੰਦਪੁਰ ਸਾਹਿਬ ਵਿੱਚ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ
ਰੂਪਨਗਰ, 13 ਨਵੰਬਰ 2025: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ, ਆਈ.ਏ.ਐਸ. ਵੱਲੋਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਡਰੋਨ ਉਡਾਉਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਮਿਤੀ 21 ਨਵੰਬਰ ਤੋਂ 29 ਨਵੰਬਰ 2025 ਤੱਕ ਸਮਾਗਮਾਂ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਪਹੁੰਚਣਗੀਆਂ। ਇਸ ਦੌਰਾਨ ਸੁਰੱਖਿਆ ਕਾਰਣਾਂ ਕਰਕੇ ਸਮਾਗਮ ਵਾਲੇ ਖੇਤਰ ਅਤੇ ਉਸਦੇ ਆਲੇ ਦੁਆਲੇ ਮਿਤੀ 15 ਨਵੰਬਰ ਤੋਂ 30 ਨਵੰਬਰ 2025 ਤੱਕ ਕਿਸੇ ਵੀ ਪ੍ਰਾਈਵੇਟ ਵਿਅਕਤੀ ਜਾਂ ਫਰਮ ਵੱਲੋਂ ਡਰੋਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ।
ਉਨ੍ਹਾਂ ਦੱਸਿਆ ਕਿ ਸਿਰਫ਼ ਸੀਨੀਅਰ ਪੁਲਿਸ ਕਪਤਾਨ, ਰੂਪਨਗਰ, ਪੰਜਾਬ ਟੂਰੀਜ਼ਮ ਵਿਭਾਗ ਅਤੇ ਪੂਰਵ ਪ੍ਰਵਾਨਗੀ ਪ੍ਰਾਪਤ ਆਦਾਰਿਆਂ ਨੂੰ ਹੀ ਇਸ ਮਿਆਦ ਦੌਰਾਨ ਡਰੋਨ ਰਾਹੀਂ ਵੀਡੀਓ ਕਰਨ ਦੀ ਛੋਟ ਹੋਵੇਗੀ।