ਬੰਦ ਕਰੋ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹੇ ‘ਚ ਬਣ ਰਹੀਆਂ ਸੜ੍ਹਕਾਂ ਦੀ ਨਿਗਰਾਨੀ ਐਸ.ਡੀ.ਐਮ ਕਰਨ: ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 08/11/2025
SDMs to Monitor Road Works in the District Ahead of Sri Guru Tegh Bahadur Ji’s 350th Martyrdom Anniversary: Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹੇ ‘ਚ ਬਣ ਰਹੀਆਂ ਸੜ੍ਹਕਾਂ ਦੀ ਨਿਗਰਾਨੀ ਐਸ.ਡੀ.ਐਮ ਕਰਨ: ਡਿਪਟੀ ਕਮਿਸ਼ਨਰ

• ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪਿਛਲੇ 6 ਮਹੀਨੇ ਦੌਰਾਨ ਬਣੀਆਂ ਸੜ੍ਹਕਾਂ ਦੇ ਸਮੀਖਿਆ ਕਰਨ ਦੇ ਆਦੇਸ਼ ਦਿੱਤੇ

• ਮੋਰਿੰਡਾ ਰੋਪੜ ਰੋਡ ਦੀ ਉਸਾਰੀ ‘ਚ ਢਿੱਲ ਵਰਤਣ ਕਾਰਨ ਕਾਰਜਕਾਰੀ ਇੰਜੀਨੀਅਰ ਨੂੰ ਨੋਟਿਸ ਜਾਰੀ

ਰੂਪਨਗਰ, 8 ਨਵੰਬਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨੋਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਦੀਆਂ ਮੁੱਖ ਸੜ੍ਹਕਾਂ ਜੋ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਹਨ, ਉਨ੍ਹਾਂ ਸੜ੍ਹਕਾਂ ਦੀ ਜੰਗੀ ਪੱਧਰ ਉੱਤੇ ਉਸਾਰੀ ਤੇ ਮੁਰੰਮਤ ਚੱਲ ਰਹੀ ਹੈ, ਇਸ ਸਬੰਧ ਵਿੱਚ ਸੜ੍ਹਕਾਂ ਦੀ ਗੁਣਵੰਤਾ ਯਕੀਨੀ ਕਰਨ ਲਈ ਡਿਪਟੀ ਕਮਿਸ਼ਨਰ ਵਰਜੀਤ ਵਾਲੀਆਂ ਨੇ ਸਮੂਹ ਐਸ.ਡੀ.ਐਮ. ਨੂੰ ਸੜ੍ਹਕਾਂ ਦੀ ਨਿਗਰਾਨੀ ਅਤੇ ਸਮੀਖਿਆ ਕਰਨ ਦੀ ਹਦਾਇਤ ਕੀਤੀ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮ., ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਪੰਚਾਇਤੀ ਰਾਜ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤ ਕਰਦਿਆ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ 6 ਮਹੀਨੇ ਦੌਰਾਨ ਬਣ ਚੁੱਕਿਆ ਸੜ੍ਹਕਾਂ ਅਤੇ ਜ਼ਿਨ੍ਹਾਂ ਸੜ੍ਹਕਾਂ ਦੀ ਉਸਾਰੀ ਅਤੇ ਮੁਰੰਮਤ ਚੱਲ ਰਹੀ ਹੈ,ਉਨ੍ਹਾਂ ਦੀ ਵਿਸਤਾਰਿਤ ਸਮੀਖਿਆ ਕੀਤੀ ਜਾਵੇ।

ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਸਰਕਾਰ ਵਲੋਂ ਤੈਅ ਮਾਪਦੰਡ ਅਤੇ ਮਿਆਰ ਨਾਲ ਕਿਸੇ ਵੀ ਪੱਧਰ ਉੱਤੇ ਸਮਝੌਤਾ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਅਧਿਕਾਰੀ ਸੜ੍ਹਕਾਂ, ਗਲੀਆਂ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਅਣਗਹਿਲੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਯਕੀਨਨ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਭਾਵੇਂ ਕੋਈ ਸੜ੍ਹਕ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਪੰਚਾਇਤੀ ਰਾਜ ਜਾਂ ਸਥਾਨਕ ਸਰਕਾਰਾਂ ਵਲੋਂ ਬਣਾਈ ਜਾ ਰਹੀ ਹੈ, ਜਿਸ ਵਿੱਚ ਲੁੱਕ ਵਾਲੀ ਸੜ੍ਹਕ, ਸੀਮਿੰਟਡ ਸੜ੍ਹਕ ਜਾਂ ਇੰਟਰਲੋਕ ਟਾਇਲਾਂ ਰਾਹੀਂ ਰਿਹਾਇਸ਼ੀ ਇਲਾਕਿਆਂ ਦੀਆਂ ਗਲੀਆਂ ਤੇਸੜ੍ਹਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਾਰੀਆਂ ਸੜ੍ਹਕਾਂ ਦੀ ਵਿਸਥਾਰਿਤ ਰਿਪੋਰਟ ਐਸ.ਡੀ.ਐਮ. ਇੱਕ ਹਫ਼ਤੇ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪੇਸ਼ ਕਰਨ। ਸ਼੍ਰੀ ਵਰਜੀਤ ਵਾਲੀਆ ਨੇ ਮਾਪਦੰਡਾਂ ਨੂੰ ਯਕੀਨੀ ਕਰਨ ਲਈ ਇਹ ਵੀ ਹਦਾਇਤ ਜਾਰੀ ਕੀਤੀ ਕਿ ਬਣ ਰਹੀਆਂ ਸੜ੍ਹਕਾਂ ਦੀ ਸ਼ੁਰੂਆਤ ਤੋਂ ਲੈ ਕੇ ਅੰਤਿਮ ਪੜਾਅ ਤੱਕ ਵੀਡਿਓਗ੍ਰਾਫ਼ੀ ਅਤੇ ਫੋਟੋਗ੍ਰਾਫ਼ੀ ਕੀਤੀ ਜਾਵੇ, ਜਿਸ ਦੀ ਸਮੀਖਿਆ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਰੋਜ਼ਾਨਾ ਕੀਤੀ ਜਾਵੇ।

ਉਨ੍ਹਾਂ ਰੋਪੜ ਤੋਂ ਮੋਰਿੰਡਾ ਉਸਾਰੀ ਅਧੀਨ ਸੜ੍ਹਕ ਦੇ ਕਾਰਜ ਵਿੱਚ ਦੇਰੀ ਕਰਨ ਕਾਰਨ ਲੋਕ ਨਿਰਮਾਣ ਵਿਭਾਗ ਕਾਰਜਕਾਰੀ ਇੰਜੀਨੀਅਰ ਸ਼ਿਵਪ੍ਰੀਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆ ਹਦਾਇਤ ਕੀਤੀ ਕਿ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਈ ਜਾਵੇ ਅਤੇ ਮਾਪਦੰਡਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਕਿ ਕਈ ਸੜ੍ਹਕਾਂ ਤੇ ਗਲੀਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਕਾਰਨ ਇਹ ਸੜ੍ਹਕਾਂ ਟੁੱਟ ਜਾਂਦੀਆਂ ਹਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਅਧਿਕਾਰੀ ਸੜ੍ਹਕਾਂ ਦੇ ਪੱਧਰ ਨੂੰ ਲੋੜ੍ਹੀਂਦਾ ਪੱਥਰ ਲਾ ਕੇ ਮਜ਼ਬੂਤ ਕਰਨ ਅਤੇ ਪਾਣੀ ਦੀ ਨਿਕਾਸੀ ਦਾ ਵੀ ਪੱਕਾ ਪ੍ਰਬੰਧ ਯਕੀਨੀ ਕਰਨ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਭਿਮੰਨੀਓ ਮਲਿਕ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਐੱਸਐੱਸ ਭੁੱਲਰ, ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ, ਐਸਡੀਓ ਲਖਵੀਰ ਸਿੰਘ, ਐਸਡੀਓ ਵਿਵੇਕ ਮਹਿਤਾ, ਐਸਡੀਓ ਰਾਜੇਸ਼ ਕੁਮਾਰ, ਏਐਮਈ ਹਰਮੇਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।