ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਕੁਦਰਤੀ ਖੇਤੀ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਕੀਤਾ ਗਿਆ ਆਯੋਜਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਕੁਦਰਤੀ ਖੇਤੀ ਬਾਰੇ ਇੱਕ ਰੋਜ਼ਾ ਸਿਖਲਾਈ ਕੈਂਪ ਕੀਤਾ ਗਿਆ ਆਯੋਜਿਤ
ਰੂਪਨਗਰ, 03 ਨਵੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਦੀ ਰਹਿਨੁਮਾਈ ਹੇਠ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੋਪੜ ਦੇ ਸਹਿਯੋਗ ਨਾਲ “ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ” ਤਹਿਤ ਅੱਜ ਕੁਦਰਤੀ ਖੇਤੀ ਸੰਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।
ਇਸ ਸਿਖਲਾਈ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ 45 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਇਹ “ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ” ਤਹਿਤ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਦਾ ਨੌਵਾਂ ਬੈਚ ਸੀ।
ਇਹ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ. ਰੋਪੜ ਡਾ. ਸਤਬੀਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਕੀਤਾ ਗਿਆ, ਜਿਨ੍ਹਾਂ ਨੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ “ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ” ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਸ ਮਿਸ਼ਨ ਦਾ ਉਦੇਸ਼ ਟਿਕਾਊ ਅਤੇ ਵਾਤਾਵਰਣ-ਅਨੁਕੂਲ ਖੇਤੀ ਪ੍ਰਣਾਲੀਆਂ ਨੂੰ ਪ੍ਰੋਤਸਾਹਿਤ ਕਰਨਾ ਹੈ, ਜੋ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਉੱਤੇ ਨਿਰਭਰਤਾ ਘਟਾਉਂਦੀਆਂ ਹਨ, ਮਿੱਟੀ ਦੀ ਸਿਹਤ ਨੂੰ ਬਣਾਈ ਰੱਖਦੀਆਂ ਹਨ ਅਤੇ ਖੁਰਾਕ ਦੀ ਸੁਰੱਖਿਆ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਅਪਣਾਉਣ, ਜਿਸ ਨਾਲ ਖੇਤੀ ਦੀ ਲਾਗਤ ਘਟੇਗੀ ਅਤੇ ਵਾਤਾਵਰਣ ਤੇ ਮਨੁੱਖੀ ਸਿਹਤ ਦੀ ਰੱਖਿਆ ਹੋਵੇਗੀ।
ਸਹਾਇਕ ਪ੍ਰੋਫੈਸਰ (ਪੌਦਾ ਸੁਰੱਖਿਆ) ਡਾ. ਉਰਵੀ ਸ਼ਰਮਾ ਅਤੇ ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਡਾ. ਸੰਜੀਵ ਆਹੁਜਾ ਨੇ ਕੁਦਰਤੀ ਖੇਤੀ ਦੇ ਸੰਕਲਪ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਵਿੱਚ ਬੀਜਾਮ੍ਰਿਤ, ਜੀਵਾਮ੍ਰਿਤ ਅਤੇ ਨੀਮਾਸ਼ਤਰ ਵਰਗੇ ਸਥਾਨਕ ਪੱਧਰ ‘ਤੇ ਉਪਲਬਧ, ਘੱਟ ਲਾਗਤ ਵਾਲੇ ਜੈਵਿਕ ਘੋਲਾਂ ਦੇ ਉਪਯੋਗ ‘ਤੇ ਜ਼ੋਰ ਦਿੱਤਾ, ਜੋ ਫਸਲਾਂ ਦੀ ਪੋਸ਼ਣ ਅਤੇ ਰੋਗਾਂ ਤੋਂ ਸੁਰੱਖਿਆ ਲਈ ਵਰਤੇ ਜਾਂਦੇ ਹਨ। ਕਿਸਾਨਾਂ ਵਿੱਚ ਘੱਟ ਲਾਗਤ ਖੇਤੀ ਪ੍ਰਣਾਲੀਆਂ ਦੇ ਅਪਣਾਏ ਜਾਣ ਨੂੰ ਉਤਸ਼ਾਹਿਤ ਕਰਨ ਲਈ ਜਾਣਕਾਰੀਪੂਰਣ ਸਾਹਿਤ ਵੀ ਵੰਡਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਆਪਣੇ ਖੇਤਾਂ ‘ਤੇ ਕੁਦਰਤੀ ਖੇਤੀ ਤਕਨੀਕਾਂ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਤਪਾਦਕਤਾ ਵਧੇ ਅਤੇ ਵਾਤਾਵਰਣ ਦੀ ਸੰਭਾਲ ਹੋ ਸਕੇ।