ਐੱਸਐੱਸਪੀ ਵਿਜੀਲੈਂਸ ਬਿਊਰੋ ਰਾਜਪਾਲ ਸਿੰਘ ਹੁੰਦਲ ਨੇ “ਚੌਕਸੀ -ਸਾਡੀ ਸਾਂਝੀ ਜਿੰਮੇਵਾਰੀ” ਦਾ ਦਿੱਤਾ ਨਾਅਰਾ, ਲੋਕਾਂ ਨੂੰ ਰਿਸ਼ਵਤਖੋਰੀ ਖਿਲਾਫ ਡਟਣ ਦਾ ਸੱਦਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐੱਸਐੱਸਪੀ ਵਿਜੀਲੈਂਸ ਬਿਊਰੋ ਰਾਜਪਾਲ ਸਿੰਘ ਹੁੰਦਲ ਨੇ “ਚੌਕਸੀ -ਸਾਡੀ ਸਾਂਝੀ ਜਿੰਮੇਵਾਰੀ” ਦਾ ਦਿੱਤਾ ਨਾਅਰਾ, ਲੋਕਾਂ ਨੂੰ ਰਿਸ਼ਵਤਖੋਰੀ ਖਿਲਾਫ ਡਟਣ ਦਾ ਸੱਦਾ
ਸਰਕਾਰੀ ਕਾਲਜ ਰੋਪੜ ਵਿਖੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ ਮਨਾਇਆ ਗਿਆ
ਰੂਪਨਗਰ, 29 ਅਕਤੂਬਰ: ਪੰਜਾਬ ਸਰਕਾਰ ਅਤੇ ਡੀਜੀਪੀ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਦੇ ਹੁਕਮਾਂ ਦੀ ਪਾਲਣਾ ਵਿੱਚ ਵਿਜੀਲੈਂਸ ਬਿਊਰੋ ਵੱਲੋਂ “ਚੌਕਸੀ -ਸਾਡੀ ਸਾਂਝੀ ਜਿੰਮੇਵਾਰੀ” ਸਲੋਗਨ ਤਹਿਤ ਭ੍ਰਿਸ਼ਟਾਚਾਰ ਵਿਰੋਧੀ ਸਾਲਾਨਾ ਜਾਗਰੂਕਤਾ ਹਫਤਾ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ, ਜਿਸ ਵਿੱਚ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਸ. ਰਾਜਪਾਲ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਸ. ਰਾਜਪਾਲ ਸਿੰਘ ਹੁੰਦਲ ਨੇ ਵਿਦਿਆਰਥੀਆ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫਤਾ 27 ਅਕਤੂਬਰ ਤੋਂ 2 ਨਵੰਬਰ ਤੱਕ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਲੋਗਨ “ਚੌਕਸੀ: ਸਾਡੀ ਸਾਂਝੀ ਜਿੰਮੇਵਾਰੀ” ਦਰਸਾਉਂਦਾ ਹੈ ਕਿ ਰਿਸ਼ਵਤਖੋਰੀ ਦੇ ਖਾਤਮੇ ਲਈ ਸਾਰਿਆਂ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਅਲਾਮਤ ਨੂੰ ਖਤਮ ਕੀਤਾ ਜਾ ਸਕੇ।
ਸ. ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਰਿਸ਼ਵਤਖੋਰੀ ਦੇਸ਼ ਦੀ ਹਰ ਪੱਖੋ ਤਰੱਕੀ ਦੇ ਰਾਹ ਵਿੱਚ ਅੜਿੱਕੇ ਖੜੀ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਇਮਾਨਦਾਰੀ ਦੇ ਪਾਸਾਰ ਨਾਲ ਹਰ ਖੇਤਰ ਵਿੱਚ ਕੰਮ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੌਕਸੀ ਦੇ ਨਾਲ-ਨਾਲ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਉਹ ਕਦੇ ਵੀ ਰਿਸ਼ਵਤ ਨਾ ਦੇਣ ਦੇ ਨਾਲ-ਨਾਲ ਆਪਣੇ ਕੰਮ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਵਿਧੀ-ਵਿਧਾਨ ਮੁਤਾਬਕ ਕਰਵਾਉਣਗੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਰਿਸ਼ਵਤਖੋਰੀ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਟੋਲ ਫ੍ਰੀ ਨੰਬਰ 1800-1800-1000, ਐਂਟੀ ਕਰੱਪਸ਼ਨ ਐਕਸ਼ਨ ਲਾਇਨ ਨੰਬਰ 95012-00200 ਅਤੇ ਵਿਜੀਲੈਂਸ ਬਿਉਰੋ ਵਿਖੇ ਤਾਇਨਾਤ ਅਫਸਰਾਂ ਦੇ ਮੋਬਾਇਲ ਨੰਬਰਾਂ ਨੂੰ ਨੋਟ ਕਰਵਾਕੇ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਐੱਸਐੱਚਓ ਵਿਜੀਲੈਂਸ ਰੁਪਿੰਦਰ ਸਿੰਘ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਵਾਈਸ ਪ੍ਰਿੰਸੀਪਲ ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਤੋਂ ਇਲਾਵਾ ਵਿਜੀਲੈਂਸ ਵਿਭਾਗ ਦਾ ਸਟਾਫ ਅਤੇ ਕਾਲਜ ਤੋਂ ਵਿਦਿਆਰਥੀ ਹਾਜ਼ਰ ਸਨ।