ਰੂਪਨਗਰ ਸ਼ਹਿਰ ‘ਚ ਸੀਵਰੇਜ ਦੀ ਸਮੱਸਿਆ ਦਾ ਕੀਤਾ ਜਾ ਰਿਹਾ ਪੱਕਾ ਹੱਲ – ਵਧੀਕ ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਰੂਪਨਗਰ ਸ਼ਹਿਰ ‘ਚ ਸੀਵਰੇਜ ਦੀ ਸਮੱਸਿਆ ਦਾ ਕੀਤਾ ਜਾ ਰਿਹਾ ਪੱਕਾ ਹੱਲ – ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ ਸ਼ਹਿਰ ‘ਚ ਸੀਵਰੇਜ ਦੀ ਵੱਖ-ਵੱਖ ਥਾਵਾਂ ‘ਤੇ ਪਈ ਰੁਕਾਵਟ ਨੂੰ ਖੁਦ ਜਾ ਕੇ ਖੁਲਵਾਇਆ
ਰੂਪਨਗਰ, 13 ਅਕਤੂਬਰ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਅੱਜ ਰੂਪਨਗਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉੱਤੇ ਹੋਈ ਸੀਵਰੇਜ ਦੀ ਰੁਕਾਵਟ ਨੂੰ ਆਪਣੀ ਨਿਗਰਾਨੀ ਅਧੀਨ ਮੌਕੇ ਉੱਤੇ ਜਾ ਕੇ ਠੀਕ ਕਰਵਾਇਆ ਤੇ ਕਿਹਾ ਕਿ ਜਲਦ ਹੀ ਰੂਪਨਗਰ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਆਦਰਸ਼ ਨਗਰ ਦੇ ਗਲੀ ਨੰਬਰ 03 ਦੇ ਵਿੱਚ ਅਤੇ ਹੋਰ ਦੂਸਰੇ ਵਾਰਡਾਂ ਦੇ ਵਿੱਚ ਵੀ ਰੁਕੀ ਹੋਈ ਸੀਵਰੇਜ ਨੂੰ ਕਾਰਜ ਸਾਧਕ ਅਫਸਰ ਰੂਪਨਗਰ ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਖੜੇ ਹੋਏ ਗੰਦੇ ਪਾਣੀ ਨੂੰ ਕਢਵਾਇਆ, ਜਿਸ ਨਾਲ ਸਥਾਨਕ ਵਾਸੀਆਂ ਨੂੰ ਰਾਹਤ ਮਿਲੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਨਾਲ ਭਰ ਰਹੇ ਇਲਾਕਿਆਂ ਕਾਰਨ ਲੋਕਾਂ ਨੂੰ ਆਉਣ ਵਾਲੀ ਦਿੱਕਤ ਦੇ ਸੰਬੰਧ ਵਿਚ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੀਵਰੇਜ ਤੇ ਨਿਕਾਸੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੂਪਨਗਰ ਦੇ ਹਰ ਨਾਗਰਿਕ ਦੀ ਸੁਵਿਧਾ ਅਤੇ ਸਿਹਤ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ। ਕੋਈ ਵੀ ਨਾਗਰਿਕ ਗੰਦੇ ਜਾਂ ਖੜ੍ਹੇ ਪਾਣੀ ਕਾਰਨ ਪਰੇਸ਼ਾਨੀ ਦਾ ਸ਼ਿਕਾਰ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵੱਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ।