ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਸਿਵਲ ਸਰਜਨ ਰੂਪਨਗਰ ਵੱਲੋਂ ਲੋਕਾਂ ਲਈ ਖਾਸ ਸੁਨੇਹਾ
ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਸਿਵਲ ਸਰਜਨ ਰੂਪਨਗਰ ਵੱਲੋਂ ਲੋਕਾਂ ਲਈ ਖਾਸ ਸੁਨੇਹਾ
ਰੂਪਨਗਰ, 11 ਅਕਤੂਬਰ: ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਜ਼ਿਲ੍ਹੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਿਵਸ ਦਾ ਮੁੱਖ ਉਦੇਸ਼ ਬਾਲੜੀਆਂ ਦੇ ਅਧਿਕਾਰਾਂ ਦੀ ਰੱਖਿਆ, ਸਿੱਖਿਆ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਉਹ ਜੀਵਨ ਦੇ ਹਰ ਖੇਤਰ ਵਿੱਚ ਆਗੇ ਵਧ ਸਕਣ। ਉਨ੍ਹਾਂ ਕਿਹਾ ਕਿ ਬਾਲੜੀਆਂ ਸਾਡੀ ਸਮਾਜਿਕ ਤਾਕਤ, ਭਵਿੱਖ ਦੀ ਨਿਰਮਾਤਾ ਅਤੇ ਦੇਸ਼ ਦੇ ਵਿਕਾਸ ਦੀ ਮਜ਼ਬੂਤ ਨੀਂਹ ਹਨ।
ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲੜੀ ਸੁਰੱਖਿਆ, ਸਿਹਤ, ਸਿੱਖਿਆ ਅਤੇ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਕਈ ਸਕੀਮਾਂ ਜਿਵੇਂ “ਬੇਟੀ ਬਚਾਓ ਬੇਟੀ ਪੜ੍ਹਾਓ”, “ਪੋਸ਼ਣ ਅਭਿਆਨ”, ਆਦਿ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਮਾਤਾ-ਪਿਤਾ, ਅਧਿਆਪਕ, ਸਮਾਜਿਕ ਸੰਗਠਨ ਅਤੇ ਸਿਹਤ ਕਰਮਚਾਰੀ ਦਾ ਫਰਜ਼ ਬਣਦਾ ਹੈ ਕਿ ਉਹ ਬਾਲੜੀਆਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਵਿਦਵਾਨ ਜੀਵਨ ਵੱਲ ਪ੍ਰੇਰਿਤ ਕਰਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਰੂਪਨਗਰ ਵੱਲੋਂ ਬਾਲੜੀਆਂ ਦੀ ਸਿਹਤ ਦੀ ਸੰਭਾਲ ਲਈ ਖ਼ਾਸ ਤੌਰ ‘ਤੇ ਟੀਕਾਕਰਣ ਮੁਹਿੰਮਾਂ, ਪੋਸ਼ਣ ਹਫ਼ਤੇ, ਸਕੂਲੀ ਸਿਹਤ ਚੈੱਕਅੱਪ ਅਤੇ ਕਿਸ਼ੋਰੀਆਂ ਲਈ “ਮੈਨਸਟ੍ਰੁਅਲ ਹਾਈਜੀਨ ਪ੍ਰੋਗਰਾਮ” ਰਾਹੀਂ ਜਾਗਰੂਕਤਾ ਅਭਿਆਨ ਲਗਾਤਾਰ ਚਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸ਼ੋਰੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਸਮੇਂ-ਸਮੇਂ ‘ਤੇ ਸਿਹਤ ਕੇਂਦਰਾਂ ਤੇ ਸਕੂਲਾਂ ਵਿੱਚ ਸੈਮੀਨਾਰਾਂ ਅਤੇ ਕੈਂਪਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਤਮ-ਨਿਰਭਰ ਤੇ ਸਿਹਤਮੰਦ ਜੀਵਨ ਜੀ ਸਕਣ।
ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਸਮਾਜ ਵਿੱਚ ਬਾਲੜੀ ਪ੍ਰਤੀ ਨਕਾਰਾਤਮਕ ਸੋਚ ਦਾ ਖ਼ਾਤਮਾ ਕਰਨਾ ਸਮੇਂ ਦੀ ਲੋੜ ਹੈ। ਜ਼ਿਲ੍ਹੇ ਅੰਦਰ ਪੀਸੀਪੀ ਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਹਰ ਪਰਿਵਾਰ ਨੂੰ ਆਪਣੀ ਧੀ ਨੂੰ ਪੁੱਤਰ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਬਾਲੜੀ ਸਿਰਫ਼ ਪਰਿਵਾਰ ਦੀ ਇਜ਼ਤ ਨਹੀਂ, ਸਗੋਂ ਸਮਾਜ ਦੀ ਸ਼ਾਨ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਕੋਈ ਬਾਲੜੀ ਦਿਵਸ ਨੂੰ ਸਿਰਫ਼ ਰਸਮੀ ਤੌਰ ‘ਤੇ ਨਾ ਮਨਾਵੇ, ਸਗੋਂ ਇਸ ਦਿਨ ਬਾਲੜੀਆਂ ਦੇ ਹੱਕਾਂ ਤੇ ਉਨ੍ਹਾਂ ਦੀ ਤਰੱਕੀ ਲਈ ਆਪਣੇ ਯੋਗਦਾਨ ਦੀ ਸ਼ੁਰੂਆਤ ਕਰੇ।
ਅੰਤ ਵਿੱਚ, ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ “ਜੇ ਅਸੀਂ ਬਾਲੜੀ ਨੂੰ ਸਿੱਖਿਆ, ਸਿਹਤ ਤੇ ਆਤਮ-ਵਿਸ਼ਵਾਸ ਦੇ ਨਾਲ ਮਜ਼ਬੂਤ ਕਰਾਂਗੇ ਤਾਂ ਨਿਸ਼ਚਤ ਤੌਰ ‘ਤੇ ਸਮਾਜ ਤੇ ਰਾਸ਼ਟਰ ਦਾ ਭਵਿੱਖ ਰੌਸ਼ਨ ਹੋਵੇਗਾ।” ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਬਾਲੜੀ ਨੂੰ ਪਿਆਰ, ਆਦਰ ਅਤੇ ਮੌਕਿਆਂ ਨਾਲ ਭਰਪੂਰ ਵਾਤਾਵਰਣ ਦੇਣ ਵਿੱਚ ਆਪਣੀ ਭੂਮਿਕਾ ਨਿਭਾਉਣ।