ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਸੰਬੰਧੀ ਸਿਹਤ ਵਿਭਾਗ ਵੱਲੋਂ ਤਿਆਰੀਆਂ ਸਬੰਧੀ ਕੀਤੀ ਗਈ ਬੈਠਕ

ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਸੰਬੰਧੀ ਸਿਹਤ ਵਿਭਾਗ ਵੱਲੋਂ ਤਿਆਰੀਆਂ ਸਬੰਧੀ ਕੀਤੀ ਗਈ ਬੈਠਕ
ਰੂਪਨਗਰ, 8 ਅਕਤੂਬਰ: ਜ਼ਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਪ੍ਰਕਾਸ਼ ਪੁਰਬ ਸਮਾਰੋਹ ਮਿਤੀ 22 ਨਵੰਬਰ ਤੋਂ 26 ਨਵੰਬਰ ਮੌਕੇ ਸਿਹਤ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆ ਦੀ ਤਿਆਰੀਆਂ ਸਬੰਧੀ ਇਕ ਮਹੱਤਵਪੂਰਣ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਪ੍ਰੋਗਰਾਮ ਅਫਸਰਾਂ, ਐਸ.ਐਮ.ਓਜ. ਅਤੇ ਸਬੰਧਤ ਸਟਾਫ ਨੇ ਹਾਜ਼ਰੀ ਭਰੀ।
ਡਾ. ਸੁਖਵਿੰਦਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਇਸ ਵੱਡੇ ਸਮਾਗਮ ਵਿੱਚ ਹਜ਼ਾਰਾਂ – ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਪੂਰੀਆਂ ਤਿਆਰੀਆਂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਮਾਗਮ ਸਥਲ ਤੇ ਆਮ ਆਦਮੀ ਕਲੀਨਿਕ, ਵਿਸ਼ੇਸ਼ ਮੈਡੀਕਲ ਕੈਂਪ, ਐਮਰਜੈਂਸੀ ਰਿਸਪਾਂਸ ਟੀਮਾਂ, ਐਬੂਲੈਂਸ ਸੇਵਾਵਾਂ ਅਤੇ ਮੋਬਾਈਲ ਮੈਡੀਕਲ ਯੂਨਿਟਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਐਮਰਜੈਂਸੀ ਦਾ ਤੁਰੰਤ ਹੱਲ ਕੀਤਾ ਜਾ ਸਕੇ।
ਸਿਵਲ ਸਰਜਨ ਨੇ ਨਿਰਦੇਸ਼ ਦਿੱਤੇ ਕਿ ਸਾਰੀਆਂ ਸਿਹਤ ਟੀਮਾਂ 24 ਘੰਟੇ ਤੈਨਾਤ ਰਹਿਣਗੀਆਂ। ਵਿਸ਼ੇਸ਼ ਧਿਆਨ ਪਾਣੀ ਦੀ ਸਫ਼ਾਈ, ਭੋਜਨ ਸੁਰੱਖਿਆ ਅਤੇ ਡੇਂਗੂ-ਮੱਛਰ ਆਦਿ ਦੀ ਰੋਕਥਾਮ ਉੱਤੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਫੀਲਡ ਟੀਮਾਂ ਵੱਲੋਂ ਸਮਾਗਮ ਤੋਂ ਪਹਿਲਾਂ ਹੀ ਇਲਾਕੇ ਵਿੱਚ ਸਫਾਈ ਮੁਹਿੰਮ ਚਲਾਈ ਜਾਵੇਗੀ ਅਤੇ ਲੋਕਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਗੁਰਪੁਰਬ ਦੌਰਾਨ ਵਿਸ਼ੇਸ਼ ਤੌਰ ‘ਤੇ ਪਹਿਲੀ ਸਹਾਇਤਾ ਕੇਂਦਰ, ਡਿਸਪੈਂਸਰੀਆਂ ਅਤੇ ਮੈਡੀਕਲ ਸਟਾਲ ਹਰ ਮੁੱਖ ਸਥਾਨ ‘ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ ਦਵਾਈਆਂ, ਆਕਸੀਜਨ ਸਿਲੰਡਰ, ਸੈਨਿਟਾਈਜ਼ਰ ਅਤੇ ਹੋਰ ਸਿਹਤ ਸਮਗਰੀ ਦਾ ਪ੍ਰਚੁਰ ਸਟਾਕ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ, ਜ਼ਿਲ੍ਹਾ ਸਿਹਤ ਅਫਸਰ ਡਾ. ਵਰਿੰਦਰ ਕੁਮਾਰ, ਜਲਾ ਡੈਂਟਲ ਸੇਤ ਅਫਸਰ ਡਾ. ਰਜਨੀਤ ਕੌਰ, ਜ਼ਿਲ੍ਹਾ ਪਰੋਗਰਾਮ ਮੈਨੇਜਰ ਡੋਲੀ ਸਿੰਗਲਾ ਅਤੇ ਸਮੂਹ ਬਲਾਕਾਂ ਦੇ ਐਸ. ਐਮ.ਓਜ ਹਾਜ਼ਰ ਸਨ।