ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਵਿੱਚ 12 ਉਮੀਦਵਾਰਾਂ ਦੀ ਚੋਣ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਵਿੱਚ 12 ਉਮੀਦਵਾਰਾਂ ਦੀ ਚੋਣ
ਰੂਪਨਗਰ, 24 ਸਤੰਬਰ: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਰੂਪਨਗਰ ਵਰਜੀਤ ਵਾਲੀਆ, ਆਈ.ਏ.ਐਸ. ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਰੂਪਨਗਰ ਸ੍ਰੀਮਤੀ ਚੰਦਰਜਯੋਤੀ ਸਿੰਘ, ਆਈ.ਏ.ਐਸ. ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਮਿਤੀ 24 ਸਤੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਲਆਈਸੀ ਕੰਪਨੀ ਵੱਲੋਂ ਐਲਆਈਸੀ ਬੀਮਾ ਸਖੀ (ਮਹਿਲਾ ਕਰੀਅਰ ਏਜੰਟ) ਦੀਆਂ 30 ਅਸਾਮੀਆਂ ਲਈ ਸਿਰਫ ਮਹਿਲਾ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 70 ਸਾਲ ਹੋਣੀ ਚਾਹੀਦੀ ਹੈ ਅਤੇ ਯੋਗਤਾ 10ਵੀਂ/12ਵੀਂ ਜਾਂ ਗ੍ਰੈਜੂਏਸ਼ਨ ਪਾਸ ਹੋਣੀ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਸਾਲ ₹7000/- ਪ੍ਰਤੀ ਮਹੀਨਾ + ਕਮਿਸ਼ਨ, ਦੂਜੇ ਸਾਲ ₹6000/- ਪ੍ਰਤੀ ਮਹੀਨਾ + ਕਮਿਸ਼ਨ ਅਤੇ ਤੀਜੇ ਸਾਲ ₹5000/- ਪ੍ਰਤੀ ਮਹੀਨਾ + ਕਮਿਸ਼ਨ ਮਿਲੇਗਾ। ਇਸ ਤੋਂ ਬਾਅਦ ਉਮੀਦਵਾਰ ਦਾ ਆਮ ਕਮਿਸ਼ਨ ਵੀ ਜਾਰੀ ਰਹੇਗਾ। ਨੌਕਰੀ ਸਥਾਨ ਜ਼ਿਲ੍ਹਾ ਰੂਪਨਗਰ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਵਰਧਮਾਨ ਸਪੈਸ਼ਲ ਸਟੀਲ ਲਿਮਿਟਿਡ, ਲੁਧਿਆਣਾ ਵੱਲੋਂ ਫੀਲਡ ਕੋਆਰਡੀਨੇਟਰ ਦੀਆਂ 4 ਅਸਾਮੀਆਂ ਲਈ 12ਵੀਂ/ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ ਇਸ ਅਸਾਮੀ ‘ਤੇ ਤਨਖਾਹ ਟੀਚੇ ਦੇ ਆਧਾਰ (ਟਾਰਗੇਟ ਬੇਸਡ) ਤੋਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 20 ਉਮੀਦਵਾਰਾਂ ਨੇ ਭਾਗ ਲਿਆ ਅਤੇ 12 ਉਮੀਦਵਾਰਾਂ ਦੀ ਚੋਣ ਕੀਤੀ ਗਈ। ਜਿਲ੍ਹਾ ਰੋਜ਼ਗਾਰ ਬਿਊਰੋ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਪਲੇਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।