ਜ਼ਿਲ੍ਹਾ ਪ੍ਰਸ਼ਾਸ਼ਨ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਜੀਰੋ ਕਰਨ ਲਈ ਯਤਨਸ਼ੀਲ: ਡਿਪਟੀ ਕਮਿਸ਼ਨਰ

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ
ਜ਼ਿਲ੍ਹਾ ਪ੍ਰਸ਼ਾਸ਼ਨ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਜੀਰੋ ਕਰਨ ਲਈ ਯਤਨਸ਼ੀਲ: ਡਿਪਟੀ ਕਮਿਸ਼ਨਰ
ਪਿੰਡ ਪੱਧਰ ‘ਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਪ੍ਰਸ਼ਾਸ਼ਨ ਨੇ ਆਰੰਭੀ ਮੁਹਿੰਮ
ਰੂਪਨਗਰ, 23 ਸਤੰਬਰ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜੀਰੋ ਕਰਨ ਲਈ ਯਤਨਸ਼ੀਲ ਹੈ। ਪ੍ਰਸ਼ਾਸ਼ਨ ਵੱਲੋਂ ਇਸ ਖੇਤਰ ਵਿੱਚ ਹੁਣ ਤੋਂ ਹੀ ਜਮੀਨੀ ਪੱਧਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰਾਲੀ ਸਾੜਨ ਨਾਲ ਵਾਤਾਵਰਨ ਉਪਰ ਹੋਣ ਵਾਲੇ ਮਾਰੂ ਪ੍ਰਭਾਵਾਂ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ।
ਇਸ ਸੰਬੰਧੀ ਐਸ ਡੀ ਐਮ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਜ਼ੀਰੋ ਬਰਨਿੰਗ ਟੀਚੇ ਸੰਬੰਧੀ ਹਿਦਾਇਤ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਮੈਜਿਸਟ੍ਰੇਟ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਦਿੱਤੀਆਂ ਮਸ਼ੀਨਾਂ ਦੀ ਕਿਸਾਨਵਾਰ ਮੈਪਿੰਗ ਕਰਨਾ ਅਤੇ ਬੇਲਰ ਮਸ਼ੀਨਾਂ ਦੀ ਕਲੱਸਟਰ ਵਾਰ ਸੂਚੀ ਜਾਰੀ ਕੀਤੀ ਜਾਵੇ ਤਾਂ ਜੋ ਜ਼ਰੂਰਤ ਪੈਣ ਤੇ ਮਸ਼ੀਨਾਂ ਲੋੜਵੰਦ ਕਿਸਾਨਾਂ ਨੁੰ ਉਪਲਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨੂੰ ਝੋਨੇ ਦੀ ਪਰਾਲੀ ਤੋ ਗੱਠਾਂ ਤਿਆਰ ਕਰਨ ਵਾਲੇ (ਪਰਾਲੀ ਐਗਰੀਗੇਟਰ) ਨੂੰ ਉਦਯੋਗਿਕ ਇਕਾਈਆਂ ਨਾਲ ਤਾਲਮੇਲ ਕਰਵਾਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਵਾਲੀਆਂ ਸਾਈਟਾਂ ਦੀ ਜਾਣਕਾਰੀ ਤੁਰੰਤ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਤਾਂ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਲੋਕਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਵੱਲੋਂ ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰੀ 10 ਟੀਮਾਂ ਦਾ ਗਠਨ ਕਰਕੇ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਪੁਲਿਸ ਵਿਭਾਗ ਨੂੰ ਪਿੰਡਾਂ ਵਿੱਚ ਰੋਜ਼ਾਨਾ ਗਸ਼ਤ ਕਰਨ ਲਈ ਹਦਾਇਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ, ਝੋਨੇ ਦੀ ਕਟਾਈ ਕਰ ਰਹੀਆਂ ਕੰਬਾਇਨਾ ਤੇ ਸੁਪਰ ਐਸ.ਐਮ.ਐਸ. ਲਗਾ ਕੇ ਸਵੇਰੇ 10 ਵਜੇ ਤੋਂ ਸ਼ਾਮ 6 ਤੱਕ ਹੀ ਕੰਮ ਕਰਨਾ ਯਕੀਨੀ ਬਣਾਉਣਗੇ।
ਉਨ੍ਹਾਂ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਜ਼ਿਲ੍ਹੇ ਵਿੱਚ ਫਇਰ ਟੈਂਡਰ ਨੋਡਲ ਪੁਆਇੰਟ ਤੇ ਤਾਇਨਾਤ ਕੀਤੇ ਜਾਣਗੇ ਤਾਂ ਜੋ ਅੱਗ ਲੱਗਣ ਦੀ ਸੂਚਨਾ ਪਾਏ ਜਾਣ ਤੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਿਸ ਚੰਦਰਜੋਤੀ ਸਿੰਘ (ਆਈ.ਏ.ਐਸ), ਸ਼੍ਰੀ ਏ.ਪੀ.ਐਸ ਸੋਮਲ, ਸਹਾਇਕ ਕਮਿਸ਼ਨਰ, ਰੂਪਨਗਰ ਸ਼੍ਰੀ ਅਮਰੀਕ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਸੰਜੀਵ ਕੁਮਾਰ, ਉਪ ਮੰਡਲ ਮੈਜਿਸਟ੍ਰੇਟ ਰੂਪਨਗਰ, ਸ਼੍ਰੀ ਸੁਖਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਰਿੰਡਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।