ਮਰਨ ਉਪਰੰਤ ਅੱਖਾਂ ਦਾ ਦਾਨ ਕਰਨ ਵਾਲਾ ਵਿਅਕਤੀ ਦੋ ਅੰਨ੍ਹੇ ਵਿਅਕਤੀਆਂ ਦੀ ਜਿੰਦਗੀ ਰੁਸ਼ਨਾ ਸਕਦਾ

ਮਰਨ ਉਪਰੰਤ ਅੱਖਾਂ ਦਾ ਦਾਨ ਕਰਨ ਵਾਲਾ ਵਿਅਕਤੀ ਦੋ ਅੰਨ੍ਹੇ ਵਿਅਕਤੀਆਂ ਦੀ ਜਿੰਦਗੀ ਰੁਸ਼ਨਾ ਸਕਦਾ
ਅੱਖਾਂ ਦਾਨ ਕਰਨ ਲਈ ਪੰਦਰਵਾੜੇ ਦੌਰਾਨ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ
ਰੂਪਨਗਰ, 27 ਅਗਸਤ: ਅੱਖਾਂ ਦਾਨ ਦੇ ਪੰਦਰਵਾੜੇ 25 ਅਗਸਤ ਤੋਂ 08 ਸਤੰਬਰ 2025 ਦੇ ਸਬੰਧ ਵਿੱਚ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਐਨ.ਪੀ.ਸੀ.ਬੀ.ਐਂਡ ਵੀ.ਆਈ. ਡਾ. ਬੋਬੀ ਗੁਲਾਟੀ ਵੱਲੋਂ ਹਾਜਰ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਊਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਅੱਖਾਂ ਦਾ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਅੰਨ੍ਹੇ ਵਿਅਕਤੀਆਂ ਦੀ ਜਿੰਦਗੀ ਰੁਸ਼ਨਾ ਸਕਦਾ ਹੈ। ਇਸ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਦੇ ਹੋਏ ਆਪਣੇ ਆਸ ਪਾਸ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਅੱਖਾਂ ਦੇ ਰੋਗਾਂ ਡਾ. ਰਨਿੰਗਾ ਗਿਰਾ ਦੇ ਮਾਹਿਰ ਨੇ ਕਿਹਾ ਕਿ ਅੱਖਾਂ ਦਾਨ ਕਰਨ ਲਈ ਸਾਨੂੰ ਆਪਣੇ ਆਪ ਨੂੰ ਆਨਲਾਈਨ ਜਾਂ ਆਫਲਾਈਨ ਸ਼ਪਥ ਪੱਤਰ ਦਾ ਫਾਰਮ ਭਰ ਕੇ ਕਰਵਾਉਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਨਜਦੀਕ ਦੇ ਸਿਵਲ ਹਸਪਤਾਲ ਜਾਂ ਸਰਕਾਰੀ ਮੈਡੀਕਲ ਕਾਲਜ ਚ ਸੰਪਰਕ ਕੀਤਾ ਜਾ ਸਕਦਾ ਹੈ। ਸਿਰਫ ਗੰਭੀਰ ਬਿਮਾਰੀ ਤੋਂ ਪੀੜ੍ਹਤ ਵਿਅਕਤੀਆਂ ਤੋਂ ਇਲਾਵਾ ਕੋਈ ਵੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਮਰਨ ਤੋਂ ਬਾਅਦ ਸਰੀਰ ਨੂੰ ਜਲਾਉਣ ਜਾਂ ਦਫਨਾਉਣ ਨਾਲ ਕਈ ਜ਼ਰੂਰੀ ਅੰਗ ਵੀ ਅਜਾਈ ਜਲੇ ਜਾਂਦੇ ਹਨ, ਜੋ ਕਿ ਦਾਨ ਦੇਣ ਨਾਲ ਕਿਸੇ ਦੀ ਜ਼ਿੰਦਗੀ ਬਚਾਅ ਸਕਦੇ ਹਨ। ਇਸ ਮੌਕੇ ਤੇ ਅੱਖਾਂ ਦਾਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਵੈ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਅੰਨ੍ਹਾਪਣ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ ।
ਇਸ ਮੌਕੇ ਡਾ. ਰਨਿੰਗਾ ਗਿਰਾ ਅੱਖਾਂ ਦੇ ਰੋਗਾਂ ਦੇ ਮਾਹਿਰ ਨੇ ਅੱਖਾਂ ਦਾਨ ਕਰਨ ਦੀ ਵਿਧੀ ਬਾਰੇ ਦੱਸਦਿਆਂ ਕਿਹਾ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ। ਅੱਖਾਂ ਦਾਨ ਮੌਤ ਤੋਂ 4 ਤੋਂ 6 ਘੰਟੇ ਵਿੱਚ ਹੋਣੀਆਂ ਚਾਹੀਦੀਆਂ ਹਨ ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ ਤਾਂ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਕਿਉਕਿ ਮਰਨ ਉਪਰੰਤ ਅੱਖਾਂ ਵਿੱਚ 24 ਘੰਟੇ ਤੱਕ ਜਾਨ ਰਹਿੰਦੀ ਹੈ, ਕਿਸੇ ਵੀ ਉਮਰ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਆਪਰੇਸ਼ਨ ਹੋਏ ਹੋਣ, ਅੱਖਾਂ ਵਿਚ ਲੈਨਜ਼ ਪਾਏ ਹੋਣ ਵਾਲਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਦੂਜੇ ਇਨਸਾਨ ਨੂੰ ਰੋਸ਼ਨੀ ਦੇ ਸਕਦਾ ਹੈ। ਅੱਖਾਂ ਦਾਨ ਲੈਣ ਲਈ ਅੱਖ ਬੈਂਕ ਦੀ ਟੀਮ ਦਾਨੀ ਦੇ ਘਰ ਜਾਂਦੀ ਹੈ ਅਤੇ ਦਾਨ ਲੈਣ ਤੋਂ ਮਗਰੋਂ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਅੰਤਿਮ ਸੰਸਕਾਰ ਵੇਲੇ ਬੁਰਾ ਨਾ ਲੱਗੇ। ਏਡਜ, ਪੀਲੀਆਂ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਦੇ ਕੇਸਾਂ ਵਿੱਚ ਅੱਖਾਂ ਦਾਨ ਨਹੀ ਕੀਤੀਆਂ ਜਾ ਸਕਦੀਆਂ। ਜੋ ਵੀ ਵਿਅਕਤੀ ਅੱਖਾਂ ਦਾਨ ਕਰਨ ਦਾ ਚਾਹਵਾਨ ਹੋਵੇ, ਉਹ ਸਿਵਲ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਜਾਂ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ ਨਾਲ ਸੰਪਰਕ ਕਰ ਸਕਦਾ ਹੈ ।
ਇਸ ਤੋਂ ਇਲਾਵਾ ਅੱਖਾਂ ਦੀਆਂ ਬਿਮਾਰੀਆਂ ਬਾਰੇ ਦੱਸਦੇ ਉਨ੍ਹਾਂ ਕਿਹਾ ਕਿ ਕੋਰਨੀਆ (ਪੁਤਲੀ) ਰੋਗ ਦੇ ਅੰਨ੍ਹੇਪਨ ਦਾ ਕਾਰਨ ਛੋਟੀ ਉਮਰ ਵਿੱਚ (ਖੁਰਾਕ ਦੀ ਘਾਟ) ਸੱਟ ਅਤੇ ਇਨਫੈਕਸ਼ਨ ਆਦਿ ਨਾਲ ਕੋਰਨੀਆ ਧੁੰਦਲਾ ਹੋ ਜਾਂਦਾ ਹੈ, ਨਜਰ ਕਾਫੀ ਕਮਜੋਰ ਹੋ ਜਾਂਦੀ ਹੈ ਜਾਂ ਖਤਮ ਵੀ ਹੋ ਸਕਦੀ ਹੈ ।
ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਅੱਖਾਂ ਦਾ ਬਚਾਓ ਲਈ ਤਿੱਖੀਆਂ ਚੀਜਾਂ ਜਿਵੇਂ ਕਿ ਚਾਕੂ, ਸੂਈ, ਤੀਰ, ਕੈਂਚੀ ਅਤੇ ਗੁੱਲੀ ਡੰਡਾ, ਪਟਾਕੇ, ਤੇਜ਼ ਰਸਾਇਣ ਆਦਿ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਬੱਚਿਆਂ ਨੂੰ ਸੰਤੁਲਿਤ ਭੋਜਨ (ਵਿਟਾਮਿਨ ਦੇ ਨਾਲ ਭਰਪੂਰ) ਜਿਵੇਂ ਹਰੀਆਂ ਸਬਜੀਆਂ, ਪੱਤੇਦਾਰ ਸਬਜੀਆਂ (ਪਾਲਕ, ਮੇਥੀ, ਬਾਥੂ, ਮੂਲੀ ਦੇ ਪੱਤੇ ਆਦਿ) ਅਤੇ ਪੀਲੇ ਫਲ ਦੇਣੇ ਚਾਹੀਦੇ ਹਨ। ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਅੱਖਾਂ ਨੂੰ ਕੀਟਾਣੂਆਂ (ਇੰਫੈਕਸ਼ਨ) ਤੋਂ ਬਚਾਉਣਾ ਚਾਹੀਦਾ ਹੈ। ਬਿਨਾ ਹੱਥ ਧੋਤੇ ਅੱਖਾਂ ਨੂੰ ਛੂਹਣਾ ਨਹੀ ਚਾਹੀਦਾ ਹੈ। ਅੱਖਾਂ ਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਅੱਖਾਂ ਵਿਚ ਦਵਾਈ ਨਾ ਪਾਓ ਅਤੇ ਡਾਕਟਰ ਵੱਲੋਂ ਦਿੱਤੀ ਗਈ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਭਲਾਈ ਅਫਸਰ ਡਾ. ਸਵਪਨਦੀਪ ਕੌਰ, ਅਪਥਾਲਮਿਕ ਅਫਸਰ ਸਿਮਰਨ ਕੌਰ, ਪਤਵੰਤੇ ਸੱਜਣ ਹਾਜ਼ਰ ਸਨ ।