ਅਗਾਮੀ ਸਾਉਣੀ ਸੀਜ਼ਨ 2025-26 ਦੌਰਾਨ ਝੋਨੇ ਦੀ ਆਮਦ ਤੇ ਖ਼ਰੀਦ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਪ੍ਰਸ਼ਾਸਨ ਨੇ ਵਚਨਬੱਧਤਾ ਦੁਹਰਾਈ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਅਗਾਮੀ ਸਾਉਣੀ ਸੀਜ਼ਨ 2025-26 ਦੌਰਾਨ ਝੋਨੇ ਦੀ ਆਮਦ ਤੇ ਖ਼ਰੀਦ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਪ੍ਰਸ਼ਾਸਨ ਨੇ ਵਚਨਬੱਧਤਾ ਦੁਹਰਾਈ
ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਜ਼ਿਲ੍ਹੇ ਦੀ ਆੜ੍ਹਤੀ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ
15 ਸਤੰਬਰ 2025 ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ
ਰੂਪਨਗਰ, 19 ਅਗਸਤ: ਆਗਾਮੀ ਸਾਉਣੀ ਸੀਜ਼ਨ 2025-26 ਦੌਰਾਨ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਈ ਜਾਣ ਵਾਲੀ ਝੋਨੇ ਦੀ ਫਸਲ ਨੂੰ ਖਰੀਦਣ ਅਤੇ ਸਾਂਭ-ਸੰਭਾਲ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਅੱਜ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਪਲਾਈਜ਼ ਡਾ. ਕਿੰਮੀ ਵਨੀਤ ਕੌਰ ਸੇਠੀ, ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨਵੀਤਾ ਰਾਣੀ, ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ, ਖੇਤੀਬਾੜੀ ਅਫ਼ਸਰ ਪੰਕਜ ਸਿੰਘ, ਜ਼ਿਲ੍ਹਾ ਮੈਨੇਜਰ ਪੰਜਾਬ ਵੇਅਰ ਹਾਊਸ ਰਘਬੀਰ ਸਿੰਘ ਅਤੇ ਰੂਪਨਗਰ ਜ਼ਿਲ੍ਹੇ ਦੀ ਆੜ੍ਹਤੀ ਐਸੋਸੀਏਸ਼ਨ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਸਾਉਣੀ ਸੀਜ਼ਨ 2025-26 ਪੰਜਾਬ ਰਾਜ ਵਿੱਚ 15 ਸਤੰਬਰ 2025 ਤੋਂ ਸ਼ੁਰੂ ਕਰਨ ਦੀ ਤਜਵੀਜ਼ ਹੈ, ਜਿਸ ਨਾਲ ਮੰਡੀਆਂ ਵਿੱਚ ਝੋਨੇ ਦੀ ਫਸਲ ਸਰਕਾਰੀ ਰੇਟ ਤੇ ਵੇਚਣ ਲਈ ਕਿਸਾਨਾਂ ਨੂੰ ਹੋਰ ਵਧੇਰੇ ਸਮਾਂ ਮਿਲ ਜਾਵੇਗਾ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕੱਲਾ-ਇਕੱਲਾ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖ਼ਰੀਦ ਪ੍ਰਕਿਰਿਆ ਦੌਰਾਨ ਆੜ੍ਹਤੀਆਂ, ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਿਤ ਹਦਾਇਤਾਂ ਅਨੁਸਾਰ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਮੰਡੀ ਵਿੱਚ ਫ਼ਸਲ ਸੁਕਾ ਕੇ ਲਿਆਂਦਾ ਜਾਵੇ ਤਾਂ ਜੋ ਫ਼ਸਲ ਦੀ ਬੋਲੀ ਸਮੇਂ ਸਿਰ ਲੱਗ ਸਕੇ ਅਤੇ ਕਿਸਾਨ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੀ ਫ਼ਸਲ ਦੀ ਕੀਮਤ ਵਸੂਲ ਸਕਣ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਸਾਫ਼-ਸਫਾਈ, ਲੇਬਰ ਅਤੇ ਕਿਸਾਨਾਂ ਲਈ ਪੀਣ ਦੇ ਪਾਣੀ ਤੋਂ ਇਲਾਵਾ ਪਖਾਨਿਆਂ ਦਾ ਪ੍ਰਬੰਧ ਸੀਜ਼ਨ ਤੋਂ ਪਹਿਲਾ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰੂਪਨਗਰ ਮੇਜਰ ਸਿੰਘ ਮਾਂਗਟ ਅਤੇ ਹੋਰ ਆੜ੍ਹਤੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।