• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਜ਼ਿਲ੍ਹਾ ਰੂਪਨਗਰ ਵਿੱਚ 12 ਅਗਸਤ ਤੋਂ 12 ਅਕਤੂਬਰ ਤੱਕ ਚੱਲਣ ਵਾਲੀ ਇੰਟੈਸੀਫਾਈਡ ਐਚ.ਆਈ.ਵੀ. ਜਾਗਰੂਕਤਾ ਮੁਹਿੰਮ ਦੀ ਹੋਈ ਸ਼ੁਰੂਆਤ

ਪ੍ਰਕਾਸ਼ਨ ਦੀ ਮਿਤੀ : 12/08/2025
Intensified HIV Awareness Campaign launched in Rupnagar district from August 12 to October 12

ਜ਼ਿਲ੍ਹਾ ਰੂਪਨਗਰ ਵਿੱਚ 12 ਅਗਸਤ ਤੋਂ 12 ਅਕਤੂਬਰ ਤੱਕ ਚੱਲਣ ਵਾਲੀ ਇੰਟੈਸੀਫਾਈਡ ਐਚ.ਆਈ.ਵੀ. ਜਾਗਰੂਕਤਾ ਮੁਹਿੰਮ ਦੀ ਹੋਈ ਸ਼ੁਰੂਆਤ

ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨੀ, ਗਲਤ ਫਹਿਮੀਆਂ ਨੂੰ ਦੂਰ ਕਰਨਾ, ਟੈਸਟਿੰਗ, ਰੋਕਥਾਮ ਤੇ ਇਲਾਜ ਦੀਆਂ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਵਧਾਉਣਾ ਮੁੱਖ ਉਦੇਸ਼

ਰੂਪਨਗਰ, 12 ਅਗਸਤ: ਜ਼ਿਲ੍ਹਾ ਰੂਪਨਗਰ ਦੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ 12 ਅਗਸਤ 2025 ਤੋਂ 12 ਅਕਤੂਬਰ 2025 ਤੱਕ “ਇੰਟੈਸੀਫਾਈਡ ਐਚ.ਆਈ.ਵੀ. ਜਾਗਰੂਕਤਾ ਮੁਹਿੰਮ” ਚਲਾਈ ਜਾਵੇਗੀ, ਇਸ ਦਾ ਰਸਮੀ ਉਦਘਾਟਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਵੱਲੋਂ ਅੱਜ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖ਼ੇ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜਨਤਾ ਵਿੱਚ ਐਚ.ਆਈ.ਵੀ./ਏਡਸ ਬਾਰੇ ਜਾਗਰੂਕਤਾ ਪੈਦਾ ਕਰਨੀ, ਗਲਤ ਫਹਿਮੀਆਂ ਨੂੰ ਦੂਰ ਕਰਨਾ ਅਤੇ ਟੈਸਟਿੰਗ, ਰੋਕਥਾਮ ਤੇ ਇਲਾਜ ਦੀਆਂ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਵਧਾਉਣਾ ਹੈ।

ਡਾ. ਨਵਰੂਪ ਕੌਰ ਨੇ ਦੱਸਿਆ ਕਿ ਐਚ.ਆਈ.ਵੀ. ਇੱਕ ਗੰਭੀਰ ਪਰੰਤੂ ਰੋਕਣਯੋਗ ਬਿਮਾਰੀ ਹੈ, ਜਿਸ ਬਾਰੇ ਸਮੇਂ ਸਿਰ ਜਾਣਕਾਰੀ ਅਤੇ ਸਹੀ ਇਲਾਜ ਨਾਲ ਮਰੀਜ਼ ਪੂਰੀ ਉਮਰ ਸਿਹਤਮੰਦ ਜੀਵਨ ਜੀਅ ਸਕਦਾ ਹੈ। ਇਸ ਮੁਹਿੰਮ ਦੌਰਾਨ ਸ਼ਹਿਰੀ ਤੇ ਪਿੰਡ ਪੱਧਰ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪੋਸਟਰ, ਬੈਨਰ, ਪੈਫਲੇਟ ਵੰਡਣਾ, ਰੈਲੀਆਂ ਕੱਢਣੀਆਂ, ਸਕੂਲ-ਕਾਲਜਾਂ ਵਿੱਚ ਲੈਕਚਰ ਲਗਾਉਣੇ, ਸਿਹਤ ਮੇਲੇ ਲਗਾਉਣੇ ਅਤੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਐਚ.ਆਈ.ਵੀ. ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਸਮੂਹ ਏਆਰਟੀ ਸਟਾਫ ਨੂੰ ਪੰਜ-ਪੰਜ ਪਿੰਡ ਵੰਡੇ ਜਾਣਗੇ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਸੈਸ਼ਨ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਖ਼ਾਸ ਧਿਆਨ ਹਾਈ ਰਿਸਕ ਗਰੁੱਪਾਂ ਜਿਵੇਂ ਕਿ ਮਾਈਗ੍ਰੈਂਟ ਮਜ਼ਦੂਰ, ਟਰੱਕ ਡਰਾਈਵਰ, ਨਸ਼ਾ ਕਰਨ ਵਾਲੇ ਵਿਅਕਤੀ ਅਤੇ ਯੁਵਾ ਵਰਗ ‘ਤੇ ਦਿੱਤਾ ਜਾਵੇਗਾ। ਸਿਹਤ ਵਿਭਾਗ ਦੀਆਂ ਮੋਬਾਈਲ ਮੈਡੀਕਲ ਯੂਨਿਟਾਂ ਪਿੰਡਾਂ ਅਤੇ ਦੂਰਦਰਾਜ਼ ਇਲਾਕਿਆਂ ਵਿੱਚ ਮੁਫ਼ਤ ਐਚ.ਆਈ.ਵੀ. ਟੈਸਟਿੰਗ ਦੀ ਸਹੂਲਤ ਪ੍ਰਦਾਨ ਕਰਨਗੀਆਂ। ਹਰ ਟੈਸਟਿੰਗ ਸੈਂਟਰ ’ਤੇ ਗੋਪਨੀਯਤਾ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਕਿਸੇ ਡਰ ਜਾਂ ਭੇਦਭਾਵ ਦੇ ਆਪਣਾ ਟੈਸਟ ਕਰਵਾ ਸਕੇ।

ਡਾ. ਕੰਵਲਜੀਤ ਨੇ ਦੱਸਿਆ ਕਿ ਐਚ.ਆਈ.ਵੀ. ਦੇ ਫੈਲਾਅ ਦੇ ਮੁੱਖ ਕਾਰਨ ਹਨ – ਬਿਨਾਂ ਸੁਰੱਖਿਆ ਵਾਲਾ ਯੌਨ ਸੰਬੰਧ, ਨਸ਼ੇ ਵਿੱਚ ਇਕੋ ਸੂਈ ਦੀ ਵਰਤੋਂ, ਸੰਕਰਮਿਤ ਖ਼ੂਨ ਚੜ੍ਹਾਉਣਾ ਅਤੇ ਗਰਭਵਤੀ ਮਾਂ ਤੋਂ ਬੱਚੇ ਨੂੰ ਵਾਇਰਸ ਦਾ ਸੰਚਾਰ। ਲੋਕਾਂ ਨੂੰ ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ, ਸਿਰਫ਼ ਸੁਰੱਖਿਅਤ ਖ਼ੂਨ ਦੀ ਵਰਤੋਂ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ।

ਮੈਡੀਕਲ ਸਪੈਸ਼ਲਿਸਟ ਡਾ. ਪੁਨੀਤ ਸੈਣੀ ਨੇ ਕਿਹਾ ਕਿ ਐਚ.ਆਈ.ਵੀ. ਨਾਲ ਜੁੜੀਆਂ ਸਮਾਜਕ ਧਾਰਨਾਵਾਂ ਅਤੇ ਭੇਦਭਾਵ ਮਰੀਜ਼ਾਂ ਦੀ ਜ਼ਿੰਦਗੀ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਲਈ ਮੁਹਿੰਮ ਦਾ ਇੱਕ ਵੱਡਾ ਹਿੱਸਾ ਲੋਕਾਂ ਦੀ ਸੋਚ ਬਦਲਣ ਅਤੇ ਮਰੀਜ਼ਾਂ ਨੂੰ ਸਮਾਜ ਵਿੱਚ ਸਵੀਕਾਰਯੋਗ ਬਣਾਉਣ ਵੱਲ ਕੇਂਦ੍ਰਿਤ ਹੋਵੇਗਾ।

ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਵਾਸੀ ਆਪਣੀ ਸਿਹਤ ਪ੍ਰਤੀ ਜ਼ਿੰਮੇਵਾਰ ਬਣਨ, ਸੁਰੱਖਿਆ ਦੇ ਸਾਧਨ ਵਰਤਣ, ਸਮੇਂ-ਸਮੇਂ ‘ਤੇ ਐਚ.ਆਈ.ਵੀ. ਦੀ ਜਾਂਚ ਕਰਵਾਉਣ ਅਤੇ ਜੇਕਰ ਕੋਈ ਪਾਜ਼ਿਟਿਵ ਆਏ ਤਾਂ ਡਰਣ ਦੀ ਬਜਾਏ ਇਲਾਜ ਸ਼ੁਰੂ ਕਰਨ। ਮੁਫ਼ਤ ਐਂਟੀ ਰੈਟਰੋਵਾਇਰਲ ਥੈਰੇਪੀ (ਏਆਰਟੀ) ਸੇਵਾਵਾਂ ਜ਼ਿਲ੍ਹਾ ਹਸਪਤਾਲ ਰੂਪਨਗਰ ਵਿੱਚ ਉਪਲੱਬਧ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਡਾਟਾ ਪੂਰੀ ਤਰ੍ਹਾਂ ਗੋਪਨੀਯਤਾ ਨਾਲ ਰੱਖਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨਾਲ ਭੇਦਭਾਵ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਚ.ਆਈ.ਵੀ./ਏਡਜ਼ ਬਾਰੇ ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਹੈ। ਜੇ ਅਸੀਂ ਜਾਣੂ ਹਾਂ, ਸੁਰੱਖਿਅਤ ਆਦਤਾਂ ਅਪਣਾਈਏ ਅਤੇ ਇਕ ਦੂਜੇ ਦਾ ਸਹਿਯੋਗ ਕਰੀਏ ਤਾਂ ਅਸੀਂ ਇਸ ਬਿਮਾਰੀ ਨੂੰ ਕਾਬੂ ਕਰ ਸਕਦੇ ਹਾਂ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰਿਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਕੌਂਸਲਰ ਗਗਨਦੀਪ ਸਿੰਘ, ਅਨੁਰਾਧਾ , ਕਾਉਂਸਲਰ ਸੰਜੇ ਕੁਮਾਰ, ਲੈਬ ਟੈਕਨੀਸ਼ੀਅਨ ਗੁਰਸਿਮਰਨ ਕੌਰ, ਤਰਨ ਅਤੇ ਏਆਰਟੀ ਦਾ ਸਟਾਫ ਮੌਜੂਦ ਸਨ।