ਫ੍ਰੌਇਡਨਬਰਗ ਵੱਲੋਂ 25 ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਆਰ.ਓ. ਸਿਸਟਮ ਲਗਾਏ ਜਾਣਗੇ – ਡਿਪਟੀ ਕਮਿਸ਼ਨਰ ਵਰਜੀਤ ਵਾਲੀਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਫ੍ਰੌਇਡਨਬਰਗ ਵੱਲੋਂ 25 ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਆਰ.ਓ. ਸਿਸਟਮ ਲਗਾਏ ਜਾਣਗੇ – ਡਿਪਟੀ ਕਮਿਸ਼ਨਰ ਵਰਜੀਤ ਵਾਲੀਆ
9 ਸਰਕਾਰੀ ਸਕੂਲਾਂ ‘ਚ ਲਗਾਏ ਜਾ ਚੁੱਕੇ ਹਨ ਆਰ.ਓ. ਸਿਸਟਮ
ਰੂਪਨਗਰ, 26 ਜੁਲਾਈ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਹੁ-ਰਾਸ਼ਟਰੀ ਕੰਪਨੀ ਫ੍ਰੌਇਡਨਬਰਗ ਵੱਲੋਂ ਆਪਣੇ ਕਾਰਪੋਰੇਟ ਸੋਸ਼ਲ ਜ਼ਿੰਮੇਵਾਰੀ (ਸੀਐਸਆਰ) ਤਹਿਤ ਜ਼ਿਲ੍ਹੇ ਦੇ 25 ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਆਰ.ਓ. ਸਿਸਟਮ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਯੋਗ ਪਾਣੀ ਉਪਲੱਬਧ ਕਰਵਾਉਣਾ ਹੈ ਅਤੇ ਇਹ ਪ੍ਰਾਜੈਕਟ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਸਰਕਾਰੀ ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਦਤਾਰਪੁਰ, ਸਰਕਾਰੀ ਮਿਡਲ ਸਕੂਲ ਕਜੋਲੀ, ਸਰਕਾਰੀ ਮਿਡਲ ਸਕੂਲ ਕਾਈਨੌਰ, ਸਰਕਾਰੀ ਮਿਡਲ ਸਕੂਲ ਕਕਰਾਲੀ, ਸਰਕਾਰੀ ਮਿਡਲ ਸਕੂਲ ਭਾਗੋਵਾਲ, ਸਰਕਾਰੀ ਹਾਈ ਸਕੂਲ ਦੁੱਮਣਾ, ਸਰਕਾਰੀ ਮਿਡਲ ਸਕੂਲ ਬੰਨ ਮਾਜਰਾ, ਸਰਕਾਰੀ ਮਿਡਲ ਸਕੂਲ ਦੁੱਲਚੀ ਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਓਇੰਦ ਸ਼ਾਮਿਲ ਹਨ, ਇਸ ਤੋਂ ਇਲਾਵਾ ਬਾਕੀ ਇੰਸਟਾਲੇਸ਼ਨ ਵੀ ਜਲਦ ਪੂਰੀਆ ਕੀਤੀਆ ਜਾਣਗਿਆ।
ਸ਼੍ਰੀ ਵਰਜੀਤ ਵਾਲੀਆ ਨੇ ਫ੍ਰੌਇਡਨਬਰਗ ਵੱਲੋਂ ਕੀਤੀ ਗਈ ਪਹਿਲ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਸਾਫ਼ ਪੀਣ ਵਾਲੇ ਪਾਣੀ ਦੀ ਪਹੁੰਚ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜ਼ਿਲ੍ਹੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ, ਖ਼ਾਸ ਕਰਕੇ ਪਿੰਡਾਂ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਆਰ.ਓ. ਸਿਸਟਮ ਲੱਗਣ ਨਾਲ ਸਰਕਾਰੀ ਸਕੂਲਾਂ ਵਿੱਚ ਸਿਹਤ ਅਤੇ ਸਫਾਈ ਦੇ ਮਿਆਰ ਵਿਚ ਖਾਸ ਸੁਧਾਰ ਆਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫ੍ਰੌਇਡਨਬਰਗ ਨਾਲ ਮਿਲ ਕੇ ਇਹ ਯਕੀਨੀ ਬਣਾ ਰਿਹਾ ਹੈ ਕਿ ਇੰਸਟਾਲੇਸ਼ਨ ਸਮੇਂ ਸਿਰ ਹੋਣ ਅਤੇ ਉਨ੍ਹਾਂ ਦੀ ਸਹੀ ਰੱਖ-ਰਖਾਵ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲ ਸਟਾਫ਼ ਅਤੇ ਸਥਾਨਕ ਪੰਚਾਇਤਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।
ਫ੍ਰੌਇਡਨਬਰਗ ਦੇ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਹੈ ਕਿ ਲਗਾਏ ਗਏ ਆਰ.ਓ. ਸਿਸਟਮਾਂ ਦੀ ਨਿਰੰਤਰ ਸੇਵਾ ਅਤੇ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਇੰਨ੍ਹਾਂ ਦੀ ਲੰਬੇ ਸਮੇਂ ਤੱਕ ਵਰਤੋਂ ਬਣੀ ਰਹੇ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੀਆਂ ਸਮਾਜ ਭਲਾਈ ਸੰਬੰਧੀ ਪਹਿਲਾਂ ਜਾਰੀ ਰੱਖਣ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ।
ਸ਼੍ਰੀ ਵਰਜੀਤ ਵਾਲੀਆ ਨੇ ਕੰਪਨੀ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਹੋਰ ਕੰਪਨੀਆਂ ਨੂੰ ਵੀ ਸੀਐਸਆਰ ਤਹਿਤ ਅਜਿਹੇ ਉਪਰਾਲਿਆਂ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਇਸ ਤਰ੍ਹਾਂ ਦੇ ਸਹਿਯੋਗ ਜਨਤਕ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਸਾਡੇ ਬੱਚਿਆਂ ਲਈ ਇੱਕ ਸਿਹਤਮੰਦ ਭਵਿੱਖ ਨਿਰਮਾਣ ਕਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਂਉਂਦੇ ਹਨ।”