ਸਿਵਲ ਸਰਜਨ ਵਲੋਂ ਮਰੀਜ਼ਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਖਤ ਹਿਦਾਇਤਾਂ ਜਾਰੀ

ਸਿਵਲ ਸਰਜਨ ਵਲੋਂ ਮਰੀਜ਼ਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਲਈ ਸਖਤ ਹਿਦਾਇਤਾਂ ਜਾਰੀ
ਹਰ ਇੱਕ ਡਾਕਟਰ ਓਪੀਡੀ ਸਮੇਂ ਅਨੁਸਾਰ ਆਪਣੀ ਹਾਜ਼ਰੀ ਯਕੀਨੀ ਬਣਾਏਗਾ
ਬਾਹਰ ਦੀ ਦਵਾਈ ਲਿਖਣ ਵਾਲੇ ਡਾਕਟਰਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਰੂਪਨਗਰ, 23 ਜੁਲਾਈ: ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਜ, ਫਾਰਮੈਸੀ ਅਫਸਰ ਨਰਸਿੰਗ ਸਿਸਟਰ ਅਤੇ ਸਿਵਲ ਹਸਪਤਾਲ ਰੂਪਨਗਰ ਦੇ ਸਾਰੇ ਮੈਡੀਕਲ ਅਫਸਰਾਂ ਨਾਲ ਇੱਕ ਜਰੂਰੀ ਮੀਟਿੰਗ ਕਰਦਿਆਂ ਮਰੀਜ਼ਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਾਉਣ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਸਿਵਲ ਸਰਜਨ ਨੇ ਕਿਹਾ ਕਿ ਹਰ ਇੱਕ ਸੀਨੀਅਰ ਮੈਡੀਕਲ ਅਫਸਰ ਆਪਣੇ ਅਧੀਨ ਆਉਂਦੀ ਸਿਹਤ ਸੰਸਥਾ ਵਿਖੇ ਅਚਨਚੇਤ ਨਿਰੀਖਣ ਕਰਨਾ ਯਕੀਨੀ ਕਰਨਗੇ। ਇਸ ਦੇ ਨਾਲ ਹੀ ਸਟਾਫ ਦੀ ਹਾਜ਼ਰੀ ਅਤੇ ਡਿਊਟੀ ਰੋਸਟਰ ਮੈਨਟੇਨ ਕੀਤੇ ਜਾਣ, ਬੇਲੋੜੇ ਰੈਫਰਲ ਤੋਂ ਬਚਿਆ ਜਾਵੇ, ਈਡੀਐਲ ਅਤੇ ਨੋਨ ਈਡੀਅਲ ਦਵਾਈਆਂ ਦਾ ਸਟੋਕ ਉਪਲਬਧ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਦੇ ਲਈ ਨਿਯਮਿਤ ਰੂਪ ਵਿੱਚ ਆਪਣੀ ਸੰਸਥਾਵਾਂ ਦੇ ਫਾਰਮੇਸੀ ਅਫਸਰਾਂ ਅਤੇ ਡਾਕਟਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ।
ਡਾ. ਬਲਵਿੰਦਰ ਕੌਰ ਨੇ ਕਿਹਾ ਕਿ ਐਸਐਮਓ ਆਪਣੇ ਵੱਲੋਂ ਇਹ ਨਿਸ਼ਚਿਤ ਕਰਨਗੇ ਕਿ ਕੋਈ ਵੀ ਡਾਕਟਰ ਕਿਸੇ ਵੀ ਹਾਲਾਤ ਵਿੱਚ ਬਾਹਰ ਦੀ ਦਵਾਈ ਨਹੀਂ ਲਿਖਣਗੇ ਅਤੇ ਅਜਿਹਾ ਕਰਨ ਵਾਲੇ ਡਾਕਟਰਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈਆਂ ਸਿਹਤ ਸੰਸਥਾਵਾਂ ਦੇ ਅੰਦਰੋਂ ਹੀ ਉਪਲਬਧ ਕਰਵਾਈਆਂ ਜਾਣੀਆਂ ਯਕੀਨੀ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵੱਧ ਤੋਂ ਵੱਧ ਕੇਸ ਬੁਕ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਸਿਹਤ ਸੰਸਥਾਵਾਂ ਵਿਖੇ ਨਾ ਜਾਣਾ ਪਵੇ। ਜ਼ਿਲ੍ਹਾ ਹਸਪਤਾਲ ਵਿਖੇ ਹਾਊਸ ਸਰਜਨਾ ਅਤੇ ਇੰਟਰਨਸ ਦੀਆਂ ਡਿਊਟੀਆਂ ਵਿਉਂਤਬੰਦੀ ਨਾਲ ਲਗਾਈਆਂ ਜਾਣ ਤਾਂ ਜੋ ਉਹਨਾਂ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਹਰ ਇੱਕ ਡਾਕਟਰ ਓਪੀਡੀ ਸਮੇਂ ਅਨੁਸਾਰ ਆਪਣੀ ਹਾਜ਼ਰੀ ਯਕੀਨੀ ਬਣਾਏਗਾ। ਮੈਡੀਕੋ-ਲੀਗਲ ਕੇਸਾਂ ਦੇ ਵਿੱਚ ਰਿਪੋਰਟਾਂ ਸਮੇਂ ਸਿਰ ਦੇਣੀਆਂ ਯਕੀਨੀ ਬਣਾਈਆਂ ਜਾਣ।
ਉਨ੍ਹਾਂ ਕਿਹਾ ਕਿ ਹਰ ਇੱਕ ਸੀਨੀਅਰ ਮੈਡੀਕਲ ਅਫਸਰ ਆਪਣੇ ਸਿਹਤ ਸੰਸਥਾਵਾਂ ਵਿਖੇ ਸਾਫ ਸਫਾਈ, ਸਟਾਫ ਦੀਆ ਡਿਊਟੀਆਂ, ਦਵਾਈਆਂ ਦੀ ਉਪਲਬਧਤਾ ਆਦਿ ਲਈ ਜਿੰਮੇਵਾਰ ਹੋਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਮਹੀਨਾਵਰ ਮੀਟਿੰਗਾਂ ਵਿੱਚ ਉਹਨਾਂ ਨੂੰ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਦਿੱਤੀਆਂ ਜਾ ਰਹੀਆਂ ਨਵੀਆਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਸੇਵਾਵਾਂ ਦਾ ਫਾਇਦਾ ਉਠਾ ਸਕਣ। ਇਸ ਤੋਂ ਇਲਾਵਾ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਨਵੀਆਂ ਸਿਹਤ ਸਹੂਲਤਾਂ ਬਾਰੇ ਬੋਰਡ ਡਿਸਪਲੇ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਐਸ.ਐਮ.ਓਜ. ਡਾ. ਅਮਰਜੀਤ ਸਿੰਘ, ਡਾ. ਅਨੰਦ ਘਈ, ਡਾ. ਸੁਰਿੰਦਰ ਕੌਰ, ਡਾ. ਕੇਪੀ ਸਿੰਘ ਅਤੇ ਜ਼ਿਲ੍ਹਾ ਹਸਪਤਾਲ ਦੇ ਸਪੈਸ਼ਲਿਸਟ ਡਾਕਟਰ, ਫਾਰਮੇਸੀ ਅਫਸਰ ਅਤੇ ਨਰਸਿੰਗ ਸਿਸਟਰ ਹਾਜ਼ਰ ਸਨ।