ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਨਾਲੇ ਤੇ ਨਾਲੀਆਂ ਅਤੇ ਸ਼ਿਵਾਲਿਕ ਸਕੂਲ ਰੋਡ ਦੀ ਸਫਾਈ ਦਾ ਕੰਮ ਜ਼ੋਰਾਂ ‘ਤੇ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਨਾਲੇ ਤੇ ਨਾਲੀਆਂ ਅਤੇ ਸ਼ਿਵਾਲਿਕ ਸਕੂਲ ਰੋਡ ਦੀ ਸਫਾਈ ਦਾ ਕੰਮ ਜ਼ੋਰਾਂ ‘ਤੇ
ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਰੂਪਨਗਰ ਵੱਲੋਂ ਸਫਾਈ ਅਭਿਆਨ ਨਿਰੰਤਰ ਜਾਰੀ
ਰੂਪਨਗਰ, 23 ਜੁਲਾਈ: ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਵਿਚ ਨਾਲਿਆਂ ਦੀ ਸਫਾਈ ਦਾ ਕੰਮ ਤੇ ਵਿਸ਼ੇਸ਼ ਸਫਾਈ ਅਭਿਆਨ ਨਿਰੰਤਰ ਤੌਰ ‘ਤੇ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਨਾਲੇ ਅਤੇ ਨਾਲੀਆਂ ਦੀ ਸਫਾਈ ਦਾ ਕੰਮ ਪੁਰਜ਼ੋਰ ਚੱਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ਤੇ ਬਰਸਾਤੀ ਪਾਣੀ ਦੀ ਜ਼ਿਆਦਾ ਮਾਰ ਪੈਂਦੀ ਹੈ ਉਨ੍ਹਾਂ ਥਾਵਾਂ ਤੇ ਤਸੱਲੀਬਖਸ਼ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਵੀ.ਆਈ.ਪੀ ਰੋਡ (ਸ਼ਿਵਾਲਿਕ ਸਕੂਲ ਰੋਡ) ਦੀ “ਸਾਫ ਰੋਪੜ” ਮੁਹਿੰਮ ਤਹਿਤ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਉਸਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਰੱਖਣ, ਨਿਕਾਸੀ ਨਾਲੀਆਂ ਵਿੱਚ ਕੂੜਾ ਨਾ ਪਾਉਣ ਅਤੇ ਵਰਤੋਂ ਹੋਏ ਪਲਾਸਟਿਕ ਜਾਂ ਹੋਰ ਬੇਕਾਰ ਸਮਾਨ ਨੂੰ ਠੀਕ ਢੰਗ ਨਾਲ ਸੁੱਟਣ ਦੀ ਆਦਤ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ, ਸੁਥਰਾ ਅਤੇ ਬਿਮਾਰੀ ਰਹਿਤ ਬਣਾਇਆ ਜਾ ਸਕਦਾ ਹੈ।