‘ਸਫਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਤਹਿਤ ਰੂਪਨਗਰ ਸ਼ਹਿਰ ਦੀ ਸਫਾਈ ਨਿਰੰਤਰ ਜਾਰੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
‘ਸਫਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਤਹਿਤ ਰੂਪਨਗਰ ਸ਼ਹਿਰ ਦੀ ਸਫਾਈ ਨਿਰੰਤਰ ਜਾਰੀ
ਵਧੀਕ ਡਿਪਟੀ ਕਮਿਸ਼ਨਰ ਨੇ 31 ਜੁਲਾਈ ਤੱਕ ਚੱਲਣ ਵਾਲੀ ਇਸ ਮੁਹਿੰਮ ‘ਚ ਸ਼ਹਿਰ ਵਾਸੀਆਂ ਨੂੰ ਪੂਰਾ ਸਹਿਯੋਗ ਦੇਣ ਦੀ ਕੀਤੀ ਅਪੀਲ
ਰੋਪੜ ਹੈੱਡਵਰਕਸ, ਗਿਆਨੀ ਜ਼ੈਲ ਸਿੰਘ ਨਗਰ ਮਾਰਕੀਟ ਅਤੇ ਹੋਰ ਵੱਖ-ਵੱਖ ਵਾਰਡਾਂ ਵਿੱਚ ਸਫਾਈ ਕਰਵਾਈ
ਰੂਪਨਗਰ, 10 ਜੁਲਾਈ: ‘ਸਫਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਤਹਿਤ ਬਿਮਾਰੀਆਂ ਤੋਂ ਬਚਾਅ ਲਈ ਅਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਵਿਚ ਵਿਸ਼ੇਸ਼ ਸਫਾਈ ਅਭਿਆਨ ਨਿਰੰਤਰ ਤੌਰ ‘ਤੇ ਜਾਰੀ ਹੈ। ਇਸ ਲੜੀ ਦੇ ਤਹਿਤ ਨਗਰ ਕੌਂਸਲ ਰੂਪਨਗਰ ਵੱਲੋਂ ਰੋਪੜ ਹੈੱਡਵਰਕਸ, ਗਿਆਨੀ ਜ਼ੈਲ ਸਿੰਘ ਨਗਰ ਮਾਰਕੀਟ ਅਤੇ ਹੋਰ ਵੱਖ-ਵੱਖ ਵਾਰਡਾਂ ਵਿੱਚ ਸਫਾਈ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਰੂਪਨਗਰ ਵੱਲੋਂ ‘ਸਫ਼ਾਈ ਅਪਣਾਓ ਬਿਮਾਰੀ ਭਜਾਓ’ ਮੁਹਿੰਮ ਰੂਪਨਗਰ ਵਿਖੇ 1 ਜੁਲਾਈ ਤੋਂ 31 ਜੁਲਾਈ ਤੱਕ ਚਲਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਇਸ ਮੁਹਿੰਮ ਦੌਰਾਨ ਸਕੂਲਾਂ, ਕਾਲਜਾਂ, ਐਨ.ਸੀ.ਸੀ., ਐਨ.ਐਸ.ਐਸ. ਵਲੰਟੀਅਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਇਸ ਮੁਹਿੰਮ ਵਿਚ ਨਗਰ ਕੌਂਸਲ ਦਾ ਸਹਿਯੋਗ ਦੇਣ ਤਾਂ ਜੋ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਸਫ਼ਾਈ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੱਕ ਚੱਲਣ ਵਾਲੀ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਆਗ੍ਰਹ ਕੀਤਾ ਕਿ ਲੋਕ ਆਪਣੇ ਘਰਾਂ ਵਿੱਚ ਕੂਲਰ, ਟੁੱਟੇ ਗਮਲੇ, ਪੁਰਾਣੇ ਬਰਤਨ, ਜਾਂ ਹੋਰ ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ, ਤਾਂ ਜੋ ਡੇਂਗੂ ਅਤੇ ਹੋਰ ਰੋਗਾਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ, ਸਵਸੱਥਾ ਵੀਰ ਨੂੰ ਵੱਖਰਾ ਹੀ ਦੇਣ, ਅਤੇ ਸਿੰਗਲ ਯੂਸ ਪਲਾਸਟਿਕ ਵਰਤਣ ਤੋਂ ਪਰਹੇਜ਼ ਕਰਨ। ਕੂੜਾ ਕੱਢਣ ਲਈ ਸੜਕਾਂ, ਗਲੀਆਂ ਜਾਂ ਖੁੱਲੇ ਥਾਵਾਂ ਦੀ ਵਰਤੋਂ ਨਾ ਕਰੀ ਜਾਵੇ ਕਿਉਂਕਿ ਇਹ ਵਾਤਾਵਰਣ ਲਈ ਬਹੁਤ ਹਾਨੀਕਾਰਕ ਹੈ।
ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਚਲਾਈ ਜਾਣ ਵਾਲੀ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਸੈਨੇਟਰੀ ਇੰਸਪੈਕਟਰ, ਪਰਦੀਪ ਸਿੰਘ ਸੀ.ਐਫ., ਲਵਲੀ ਸ਼ਰਮਾ ਕਲਰਕ, ਨਵਤੇਜ ਸਿੰਘ ਕਲਰਕ, ਲਖਵੀਰ ਸਿੰਘ ਅਤੇ ਧਰਮਜੀਤ (ਸੁਪਰਵਾਇਜ਼ਰ) ਕਲਰਕ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਵਿਚ “ਸਫ਼ਾਈ ਅਪਣਾਉ ਬਿਮਾਰੀ ਭਜਾਉ” ਮੁਹਿੰਮ ਦੇ ਤਹਿਤ ਰੂਪਨਗਰ ਸ਼ਹਿਰ ਨੂੰ ਸਾਫ ਸੁਥਰਾ ਤੇ ਕੂੜਾ ਮੁਕਤ ਬਣਾਇਆ ਜਾਵੇਗਾ।