1 ਜੁਲਾਈ ਤੋਂ ਸ਼ੁਰੂ ਹੋਈ ਦਸਤ ਰੋਕੋ ਮੁਹਿੰਮ

1 ਜੁਲਾਈ ਤੋਂ ਸ਼ੁਰੂ ਹੋਈ ਦਸਤ ਰੋਕੋ ਮੁਹਿੰਮ
ਬੱਚਿਆਂ ‘ਚ ਦਸਤ ਦੀ ਸਮੱਸਿਆ ਨੂੰ ਨਾ ਕਰੋ ਅਣਗੋਲਿਆ : ਡਾ. ਬਲਵਿੰਦਰ ਕੌਰ
ਰੂਪਨਗਰ, 02 ਜੁਲਾਈ: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇ 1 ਜੁਲਾਈ ਤੋਂ ਰੂਪਨਗਰ ਜ਼ਿਲ੍ਹੇ ਵਿੱਚ ਦਸਤ ਰੋਕੋ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਜੋ ਕਿ ਪੂਰਾ ਇੱਕ ਮਹੀਨਾ ਚੱਲੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਦਸਤ ਰੋਕੂ ਪ੍ਰੋਗਰਾਮ ਬੱਚਿਆਂ ਦੀ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਅਹਿਮ ਹੈ। ਇਸ ਮੁਹਿੰਮ ਦੌਰਾਨ 0-5 ਸਾਲ ਦੇ ਬੱਚਿਆਂ ਦਾ ਆਪਣੇ-ਆਪਣੇ ਖੇਤਰਾਂ ਦੇ ਵਿੱਚ ਸਰਵੇਖਣ ਰਾਹੀਂ ਦਸਤ ਤੋਂ ਪੀੜਤ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇਗੀ ਤਾਂ ਜੋ ਸਮਾਂ ਰਹਿੰਦਿਆਂ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਿਹੜਾ ਵੀ ਬੱਚਾ ਦਸਤ ਤੋਂ ਪੀੜਿਤ ਹੋਵੇਗਾ, ਉਸ ਨੂੰ ਬੁਖਾਰ ਹੋਣਾ, ਕਮਜ਼ੋਰੀ ਆਉਣੀ, ਸੁਸਤੀ ਦਾ ਨਿਰੰਤਰ ਰਹਿਣਾ, ਬੱਚੇ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾ, ਬੱਚੇ ਦੇ ਦਸਤ ਵਿੱਚ ਖੂਨ ਆਉਣਾ, ਬੱਚੇ ਨੂੰ ਭੁੱਖ ਨਾ ਲੱਗਣਾ ਅਤੇ ਚਿਚੜਾਪਨ ਆਦਿ ਆ ਜਾਂਦੇ ਹਨ।
ਇਸ ਸੰਬਧੀ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੀ ਕਾਮਯਾਬੀ ਦੇ ਲਈ ਯਤਨਸ਼ੀਲ ਰਹਿਣ ਅਤੇ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਵਿੱਚ ਮੁਹਿੰਮ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ।
ਉਨ੍ਹਾਂ ਕਿਹਾ ਕਿ ਮਾਸ ਮੀਡੀਆ ਵਿੰਗ ਵੱਲੋਂ ਇਸ ਮੁਹਿੰਮ ਦੀ ਸਫਲਤਾ ਲਈ ਆਪਣੇ ਆਪਣੇ ਬਲਾਕਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਦਸਤ ਦੇ ਲੱਛਣਾਂ ਅਤੇ ਬਚਾਅ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਹੀ ਸਿਹਤ ਸੰਸਥਾਵਾਂ ਵਿਖੇ ਓਆਰਐਸ – ਜ਼ਿੰਕ ਕਾਰਨਰ ਤਿਆਰ ਕੀਤੇ ਜਾਣਗੇ, ਜਿੱਥੇ ਸਿਹਤ ਕਰਮੀਆਂ ਵੱਲੋਂ ਬੱਚਿਆਂ ਦੇ ਲਈ ਓਆਰਐਸ ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਕਿਹਾ ਕਿ ਮਿਤੀ 01 ਜੁਲਾਈ ਤੋਂ ਜ਼ਿਲੇ ਭਰ ਦੇ ਵਿੱਚ ਤੀਬਰ ਦਸਤ ਰੋਕੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ ਵਿੱਚ ਬੱਚਿਆਂ ਨੂੰ ਹੱਥ ਧੌਣ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸਦੇ ਸਬੰਧ ਵਿੱਚ ਮਾਈਕਰੋਪਲੈਨ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਗੁਰਸੇਵਕ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਜ਼ਿਲ੍ਹਾ ਬੀਸੀਸੀ ਕੋਅਡੀਨੇਟਰ ਸੁਖਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।