ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਦਿਮਾਗੀ ਤੌਰ ਉੱਤੇ ਬਿਮਾਰ ਬੇਸਹਾਰਾ ਔਰਤ ਨੂੰ ਸੁਰੱਖਿਅਤ ਕਰਕੇ ਰਾਹਤ ਸੇਵਾਵਾਂ ਦਿੱਤੀਆਂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਦਿਮਾਗੀ ਤੌਰ ਉੱਤੇ ਬਿਮਾਰ ਬੇਸਹਾਰਾ ਔਰਤ ਨੂੰ ਸੁਰੱਖਿਅਤ ਕਰਕੇ ਰਾਹਤ ਸੇਵਾਵਾਂ ਦਿੱਤੀਆਂ
ਰੂਪਨਗਰ, 03 ਜੂਨ: ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿਮਾਗੀ ਤੌਰ ਉੱਤੇ ਬਿਮਾਰ ਅਤੇ ਰਾਹ ਵਿਚ ਭਟਕ ਰਹੀ ਔਰਤ ਨੂੰ ਸੁਰੱਖਿਅਤ ਕਰਕੇ ਰਾਹਤ ਸੇਵਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਦਫ਼ਤਰ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ ਵਿਖੇ ਇਕ ਲਾਵਾਰਿਸ ਔਰਤ ਜਿਸ ਦੀ ਹਾਲਤ ਕਾਫੀ ਨਾਜ਼ੁਕ ਹੈ ਉਹ ਦਿਮਾਗੀ ਤੌਰ ਉਤੇ ਬਿਮਾਰ ਹੈ। ਇਸ ਉਪਰੰਤ ਸੀ.ਜੀ.ਐਮ. ਸ਼੍ਰੀਮਤੀ ਅਮਨਦੀਪ ਕੌਰ ਜੀ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਪੈਰਾ ਲੀਗਲ ਵਲੰਟੀਅਰਜ਼ ਦੀ ਡਿਊਟੀ ਲਗਾਈ ਅਤੇ ਥਾਣਾ ਸਿਟੀ ਮੋਰਿੰਡਾ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਬਿਮਾਰ ਔਰਤ ਨੂੰ ਤੁਰੰਤ ਰੇਸਕਿਉ ਕਰਕੇ ਬਿਨਾ ਕਿਸੇ ਦੇਰੀ ਤੋਂ ਲੋੜੀਂਦੀ ਮੈਡੀਕਲ ਅਤੇ ਕਾਨੂੰਨੀ ਸਹਾਇਤਾ ਦਿੱਤੀ ਜਾਵੇ।
ਇਸ ਉਪਰੰਤ ਪੈਰਾ ਲੀਗਲ ਦੀ ਟੀਮ ਵਲੋਂ ਸਬੰਧਿਤ ਪੁਲਿਸ ਮੁਲਜ਼ਾਮਾਂ ਨੂੰ ਨਾਲ ਲੈ ਕੇ ਮੋਰਿੰਡਾ ਬਾਈਪਾਸ ਨਜ਼ਦੀਕ ਔਰਤ ਨੂੰ ਰੇਸਕਿਉ ਕਰਕੇ ਪ੍ਰਭ ਆਸਰਾ ਪਡਿਆਲਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੈਡਮ ਮੋਨਿਕਾ ਸੀ.ਈ.ਓ ਤੇ ਦੀਪਕ ਸਿੰਗਲਾ ਚੇਅਰਮੈਨ ਏ.ਸੀ.ਸੀ.ਪੀ ਐਨ.ਜੀ.ਓ ਸੰਸਥਾ ਵਲੋਂ ਮੈਡੀਕਲ ਕਰਵਾਇਆ ਗਿਆ।
ਇਸ ਮੌਕੇ ਸੀ.ਜੇ.ਐਮ ਸ਼੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਸਮਾਜ ਦੇ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਮਨੁੱਖਤਾ ਅਤੇ ਭਲਾਈ ਲਈ ਅੱਗੇ ਆਉਣ ਚਾਹੀਦਾ ਹੈ। ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫਤ ਕਾਨੂੰਨੀ ਸਹਾਇਤਾ ਅਤੇ ਸਮਾਜਿਕ ਸੁਰੱਖਿਆ ਸੇਵਾਵਾਂ ਉਪਲੱਬਧ ਹਨ। ਲੋਕਾਂ ਨੂੰ ਇਸ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ ਅਤੇ ਸਮਾਜਿਕ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।