ਪਿੰਡ ਕੋਟਲਾ ਨਿਹੰਗ ਤੇ ਸਦਾਬਰਤ ਵਿਖੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ

ਪਿੰਡ ਕੋਟਲਾ ਨਿਹੰਗ ਤੇ ਸਦਾਬਰਤ ਵਿਖੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ
ਰੂਪਨਗਰ, 25 ਅਪ੍ਰੈਲ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਰੂਪਨਗਰ ਸ਼੍ਰੀ ਵਰਜੀਤ ਸਿੰਘ ਵਾਲੀਆ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ “ਨਸ਼ਾ ਮੁਕਤੀ ਪ੍ਰੋਗਰਾਮ” ਮੁਹਿੰਮ ਤਹਿਤ ਅੱਜ ਪਿੰਡ ਕੋਟਲਾ ਨਿਹੰਗ ਅਤੇ ਸਦਾਬਰਤ ਵਿਖੇ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਉਤੇ ਬੋਲਦਿਆਂ ਸਿਹਤ ਵਿਭਾਗ ਤੋਂ ਓਟ ਕਾਉਂਸਲਰ ਜਸਜੀਤ ਕੌਰ ਅਤੇ ਓਟ ਕੌਂਸਲਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੀ ਅਜਿਹੀ ਅਲਾਮਤ ਨੂੰ ਖਤਮ ਕੀਤਾ ਜਾ ਸਕਦਾ ਹੈ।
ਉਨਾਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਾ ਇਕ ਮਾਨਸਿਕ ਰੋਗ ਹੈ ਜੋ ਇਨਸਾਨ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਉੱਤੇ ਕਮਜ਼ੋਰ ਕਰ ਦਿੰਦਾ ਹੈ, ਇਸ ਲਈ ਸਾਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਹੈ ਤਾਂ ਇਸਦਾ ਇਲਾਜ ਵੀ ਸੰਭਵ ਹੈ ਤੇ ਉਸਦਾ ਇਹ ਇਲਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ, ਓਟ ਕਲੀਨਿਕਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੱਗੇ ਆਈਏ ਅਤੇ ਜੋ ਲੋਕ ਕਿਸੇ ਕਾਰਨ ਨਸ਼ੇ ਦੇ ਜਾਲ ਵਿੱਚ ਫਸ ਗਏ ਹਨ, ਉਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਨ ਲਈ ਹੰਭਲਾ ਮਾਰੀਏ।
ਉਨ੍ਹਾਂ ਦੱਸਿਆ ਕਿ ਜਿੱਥੇ ਨਸ਼ੇ ਸਰੀਰ ਨੂੰ ਖਰਾਬ ਕਰਦੇ ਹਨ ਉਥੇ ਹੀ ਮਨੁੱਖ ਨੂੰ ਆਰਥਿਕ ਤੌਰ ’ਤੇ ਖਤਮ ਕਰਦੇ ਹਨ। ਨਸ਼ਾ ਜਿੱਥੇ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦਾ ਹੈ ਓਥੇ ਹੀ ਸਾਡੇ ਪਰਿਵਾਰ ਦੀ ਆਰਥਿਕਤਾ ਨੂੰ ਵੀ ਖਰਾਬ ਕਰ ਦਿੰਦਾ ਹੈ। ਜਿਸ ਨਾਲ ਵਧੇਰੇ ਪਰਿਵਾਰਾਂ ਦੀ ਟੁੱਟਣ ਦੀ ਨੌਬਤ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੀ ਤਰੀਕੇ ਨਾਲ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਨਸ਼ਾ ਮੁਕਤੀ ਵਲੋਂ ਵੱਖ-ਵੱਖ ਪਿੰਡਾਂ ’ਚ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ।