ਡਿਪਟੀ ਕਮਿਸ਼ਨਰ ਵੱਲੋਂ ਸੀ.ਆਰ.ਐਮ ਸਕੀਮ ਅਧੀਨ ਪਰਾਲੀ ਦੀ ਸੰਭਾਲ ਲਈ ਸਬਸਿਡੀ ਤੇ ਮਸ਼ੀਨ ਲੈਣ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ਉਤੇ ਅਰਜ਼ੀਆਂ ਦੇਣ ਦੀ ਅਪੀਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਵੱਲੋਂ ਸੀ.ਆਰ.ਐਮ ਸਕੀਮ ਅਧੀਨ ਪਰਾਲੀ ਦੀ ਸੰਭਾਲ ਲਈ ਸਬਸਿਡੀ ਤੇ ਮਸ਼ੀਨ ਲੈਣ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ਉਤੇ ਅਰਜ਼ੀਆਂ ਦੇਣ ਦੀ ਅਪੀਲ
ਰੂਪਨਗਰ, 23 ਅਪ੍ਰੈਲ: ਜ਼ਿਲ੍ਹਾ ਰੂਪਨਗਰ ਵਿੱਚ ਝੋਨੇ ਦੀ ਪਰਾਲੀ ਦੇ ਜੀਰੋ ਬਰਨਿੰਗ ਦੇ ਟੀਚੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਕਿਸਾਨਾਂ ਨੂੰ ਸੀ.ਆਰ.ਐਮ ਸਕੀਮ ਅਧੀਨ ਪਰਾਲੀ ਦੀ ਸਾਂਭ-ਸੰਭਾਲ ਲਈ ਸਬਸਿਡੀ ਤੇ ਮਸ਼ੀਨ ਲੈਣ ਲਈ ਖੇਤੀਬਾੜੀ ਵਿਭਾਗ ਦੇ ਪੋਰਟਲ ਉਤੇ ਅਰਜ਼ੀਆਂ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਅਤੇ ਕਿਸਾਨ ਗਰੁੱਪਾਂ ਪੰਚਾਇਤਾਂ, ਸਹਿਕਾਰੀ ਸਭਾਵਾਂ, ਐਫ.ਪੀ.ਓਜ਼ ਨੂੰ 80 ਪ੍ਰਤੀਸ਼ਤ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ ਜਿਸ ਵਿੱਚ ਸੁਪਰਸੀਡਰ.ਜੀਰੋ ਟਿੱਲ ਡਰਿੱਲ, ਹੈਪੀ ਸੀਡਰ, ਸਰਟੇਸ ਸੀਡਰ, ਸਮਾਰਟ ਸੀਡਰ ਸੁਪਰ ਐਸ.ਐਮ.ਐਸ, ਬੇਲਰ, ਰੈਕ, ਮਲਚਰ, ਚੌਪਰ ਕਰਾਪ ਰੀਪਰ, ਉਲਟਾਵੇ ਹਲ ਆਦਿ ਮਸ਼ੀਨਾਂ ਸ਼ਾਮਲ ਹਨ।
ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਕੇ ਅਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ ਤੇ ਨਾਲ ਹੀ ਵਾਤਾਵਰਣ ਨੂੰ ਵੀ ਪ੍ਰਦੂਸ਼ਣ ਮੁਕਤ ਕਰ ਸਕਦੇ ਹਨ।
ਉਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਲਈ ਅਰਜ਼ੀਆਂ agrimachinerypb.com portal ਉਤੇ ਮਿਤੀ 22 ਅਪ੍ਰੈਲ 25 ਤੋਂ 12 ਮਈ 2025 ਸ਼ਾਮ 5:00 ਵਜੇ ਤੱਕ ਆਨਲਾਈਨ ਦਿੱਤੀਆ ਜਾ ਸਕਦੀਆਂ ਹਨ ਅਤੇ ਇਸ ਸਕੀਮ ਵਿੱਚ ਕਸਟਮ ਹਾਇਰਿੰਗ ਸੈਂਟਰ ਅਤੇ ਪੈਡੀ ਸਪਲਾਈ ਚੈਨ ਸੈਂਟਰ ਸਥਾਪਿਤ ਕਰਨ ਲਈ ਵੀ ਪੋਰਟਲ ਉਤੇ ਆਪਸ਼ਨ ਉਪਲਬਧ ਹੋ ਗਈ ਹੈ, ਜਿਸ ਦੀ ਅਪਲਾਈ ਕਰਨ ਦੀ ਮਿਤੀ ਵੀ 12 ਮਈ ਤੱਕ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ ਜਾਂ ਬਲਾਕ ਖੇਤੀਬਾੜੀ ਦਫਤਰਾਂ/ਮੁੱਖ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।