ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਸਨਮਾਨ ਕੀਤਾ

ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਸਨਮਾਨ ਕੀਤਾ
ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ
ਜ਼ਿਲ੍ਹਾ ਰੂਪਨਗਰ ਤੋਂ ਸ਼ੂਟਿੰਗ ਮੁਕਾਬਲਿਆਂ ਵਿੱਚ ਖਿਡਾਰੀ ਰਾਸ਼ਟਰੀ ਪੱਧਰ ਉੱਤੇ ਮੈਡਲ ਜਿੱਤ ਚੁੱਕੇ: ਸ ਨਰਿੰਦਰ ਸਿੰਘ ਬੰਗਾ
ਰੂਪਨਗਰ, 20 ਅਪ੍ਰੈਲ: ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਸ. ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦਾ ਸਨਮਾਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਦੋ ਸਕੂਲਾਂ ਦੀਆਂ 10 ਮੀਟਰ ਸ਼ੂਟਿੰਗ ਰੇਂਜ਼ਾਂ ਦੇ ਵੱਡੇ ਯੋਗਦਾਨ ਕਰਕੇ ਹੀ ਇੱਥੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਬਣੇ ਹਨ ਜਿਸ ਲਈ ਜਲਦ ਹੀ ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ ਤਾਂ ਈਵੈਂਟਸ ਦੀ ਤਿਆਰੀ ਲਈ ਖਿਡਾਰੀਆਂ ਨੂੰ ਮੁਹਾਲੀ ਜਾਂ ਦਿੱਲੀ ਵਿਖੇ ਨਾ ਜਾਣਾ ਪਵੇ।
ਸ ਨਰਿੰਦਰ ਸਿੰਘ ਬੰਗਾ ਨੇ ਇਸ ਮੌਕੇ ਉੱਤੇ ਰੋਪੜ ਜਿਲ੍ਹੇ ਦੇ ਸ਼ੂਟਿੰਗ ਖੇਡ ਦੇ ਖਿਡਾਰੀਆਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਮਾਣਮੱਤੀਆਂ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਮਹਿਜ ਇੱਕ 10 ਸਾਲ ਵਿੱਚ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਰੋਪੜ ਵਿੱਚ ਸ਼ੂਟਿੰਗ ਦਾ ਸਫ਼ਰ ਅਰਸ਼ਦੀਪ ਬੰਗਾ ਵੱਲੋਂ ਸਾਲ 2015-16 ਅਤੇ 2016-17 ਵਿੱਚ ਲਗਾਤਾਰ ਨੈਸ਼ਨਲ ਸਕੂਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਨਾਲ ਸ਼ੁਰੂ ਹੋਇਆ। ਜਿਸ ਉਪਰੰਤ ਇਸ ਸਫ਼ਰ ਨੂੰ 2019 ਵਿੱਚ ਜੈਸਮੀਨ ਕੌਰ ਅਤੇ ਖੁਸ਼ੀ ਸੈਣੀ ਵੱਲੋਂ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਕੇ ਸਿਖ਼ਰ ਉੱਤੇ ਪਹੁੰਚਾਇਆ।
ਉਨ੍ਹਾਂ ਦੱਸਿਆ ਕਿ ਇਸ ਸਾਲ ਅਰਸ਼ਦੀਪ ਕੌਰ ਵਲੋਂ ਵਿਸ਼ਵ ਯੂਨਿਵਰਸਿਟੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਸ਼ੂਟਿੰਗ ਖੇਡ ਨੂੰ ਬੁਲੰਦੀਆਂ ਤੱਕ ਪਹੁੰਚਾਣ ਵਿੱਚ ਵੱਡਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਲਗਪਗ 25 ਖਿਡਾਰੀ ਰਾਸ਼ਟਰੀ ਪੱਧਰ ਉੱਤੇ ਮੈਡਲ ਜਿੱਤ ਚੁੱਕੇ ਹਨ। ਅੱਜ ਕੱਲ੍ਹ ਵੀ ਲਗਪਗ 50-60 ਖਿਡਾਰੀ ਆਉਣ ਵਾਲੇ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਪ੍ਰਾਪਤੀਆਂ ਲਈ ਜਿੱਥੇ ਜਿਲ੍ਹੇ ਦੇ ਦੋ ਸਕੂਲਾਂ ਦੀਆਂ 10 ਮੀਟਰ ਸ਼ੂਟਿੰਗ ਰੇਂਜ਼ਾਂ ਦਾ ਵੱਡਾ ਯੋਗਦਾਨ ਹੈ ਓਥੇ ਹੀ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਨ ਨਾਲ ਇਥੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਯਕੀਨਨ ਬਣਗੇ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਲਈ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਲਈ ਮੁਬਾਰਕਾਂ ਦਿੱਤੀਆਂ ਅਤੇ ਐਸੋਸ਼ੀਏਸ਼ਨ ਦੀ 25 ਮੀਟਰ ਅਤੇ 50 ਮੀਟਰ
ਦੀ ਸ਼ੂਟਿੰਗ ਰੇਂਜ਼ ਬਣਾਉਣ ਲਈ ਵਾਅਦਾ ਕਰਦੇ ਹੋਏ ਜਲਦ ਹੀ ਇਸ ਉੱਤੇ ਲੋੜੀਂਦੀ ਕਾਰਵਾਈ ਕਰਨੀ ਯਕੀਨੀ ਬਣਾਉਣ ਲਈ ਉਪਰਾਲੇ ਕਰਨ ਲਈ ਭਰੋਸਾ ਦਿੱਤਾ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਸ ਜਗਜੀਵਨ ਸਿੰਘ ਗਿੱਲ, ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਸ ਅਰਸ਼ਦੀਪ ਬੰਗਾ ਅਤੇ ਖਜ਼ਾਨਚੀ ਸ ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।