ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਦਾ ਕੀਤਾ ਗਿਆ ਆਯੋਜਨ

ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਦਾ ਕੀਤਾ ਗਿਆ ਆਯੋਜਨ
ਰੂਪਨਗਰ, 17 ਅਪ੍ਰੈਲ: ਸਿਹਤ ਵਿਭਾਗ ਰੂਪਨਗਰ ਵੱਲੋਂ ਨਸ਼ੀਲੇ ਪਦਾਰਥਾਂ ਦੇ ਦੁਰਪ੍ਰਯੋਗ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਨਰਸਿੰਗ ਸਕੂਲ ਵਿਦਿਆਰਥਣਾ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਹ ਜਾਗਰੂਕਤਾ ਰੈਲੀ ਦਫਤਰ ਸਿਵਲ ਸਰਜਨ ਤੋਂ ਸ਼ੁਰੂ ਹੋਈ ਅਤੇ ਰੂਪਨਗਰ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਸਿਵਲ ਹਸਪਤਾਲ ਰੂਪਨਗਰ ਵਿਖੇ ਆ ਕੇ ਸਮਾਪਤ ਹੋਈ। ਇਸ ਦੌਰਾਨ ਨਸ਼ਿਆਂ ਦੇ ਖਿਲਾਫ਼ ਨਾਅਰੇ ਲਗਾਏ ਗਏ ਅਤੇ ਪੋਸਟਰਾਂ, ਬੈਨਰਾਂ, ਅਤੇ ਪਰਚਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨੁਕਸਾਨਦੇਹ ਅਸਰਾਂ ਬਾਰੇ ਜਾਗਰੂਕ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਸਮਾਜ ਦੀ ਜੜ੍ਹਾਂ ਨੂੰ ਖੋਖਲਾ ਕਰ ਰਹੇ ਹਨ ਅਤੇ ਇਹਨਾਂ ਦੇ ਵਿਰੁੱਧ ਸਮੂਹਿਕ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨਸ਼ਾ ਮੁਕਤ ਸਮਾਜ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਇਸ ਲਈ ਸਿੱਖਿਆ, ਸਿਹਤ, ਅਤੇ ਕਾਨੂੰਨੀ ਪੱਖਾਂ ਤੋਂ ਕਠੋਰ ਕਦਮ ਚੁੱਕੇ ਜਾ ਰਹੇ ਹਨ।
ਡਾ. ਤਰਸੇਮ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਲਤ ਵਿਅਕਤੀ ਦੀ ਸਿਹਤ, ਪਰਿਵਾਰ, ਅਤੇ ਸਮਾਜ ਲਈ ਵਿਨਾਸ਼ਕਾਰੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਨਸ਼ਾ ਛੁਡਾਉ ਕੇਂਦਰਾਂ ਅਤੇ ਹੈਲਪਲਾਈਨ ਨੰਬਰਾਂ ਰਾਹੀਂ ਮਦਦ ਪ੍ਰਦਾਨ ਕਰ ਰਹੀ ਹੈ।
ਰੈਲੀ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨਕਾਰਾਤਮਕ ਅਸਰਾਂ ਬਾਰੇ ਦੱਸਿਆ ਗਿਆ ਜਿਸ ਵਿੱਚ ਸਰੀਰਕ ਨੁਕਸਾਨ (ਲੀਵਰ, ਦਿਲ, ਅਤੇ ਦਿਮਾਗ਼ ਨੂੰ ਨੁਕਸਾਨ), ਮਾਨਸਿਕ ਸਿਹਤ (ਡਿਪਰੈਸ਼ਨ, ਚਿੰਤਾ ਅਤੇ ਹੋਰ ਮਨੋਰੋਗ), ਸਮਾਜਿਕ ਬੁਰਾਈਆਂ (ਅਪਰਾਧ, ਹਿੰਸਾ ਅਤੇ ਪਰਿਵਾਰਕ ਤਨਾਅ) ਆਦਿ।
ਸਿਹਤ ਵਿਭਾਗ ਦੇ ਪ੍ਰਤਿਨਿਧੀਆਂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਨਸ਼ਾ ਮੁਕਤੀ ਕੇਂਦਰ, ਕਾਉਂਸਲਿੰਗ ਸੇਵਾਵਾਂ, ਅਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਹੋਏ ਹਨ। ਇਸ ਮੁਹਿੰਮ ਦਾ ਮੁੱਖ ਸੰਦੇਸ਼ ਸੀ ਕਿ ਨਸ਼ਿਆਂ ਦੀ ਰੋਕਥਾਮ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜਿੰਮੇਵਾਰੀ ਹੈ। ਪਰਿਵਾਰ, ਸਕੂਲ ਅਤੇ ਸਮਾਜ ਨੂੰ ਮਿਲ ਕੇ ਨੌਜਵਾਨਾਂ ਨੂੰ ਗਲਤ ਰਾਹ ਤੋਂ ਰੋਕਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਐਸਐਮਓ ਸਿਵਲ ਹਸਪਤਾਲ ਰੂਪਨਗਰ ਡਾ. ਉਪਿੰਦਰ ਸਿੰਘ, ਮਾਨਸਿਕ ਰੋਗਾਂ ਦੇ ਮਾਹਿਰ ਡਾ.ਕੰਵਰਬੀਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ ਤੇ ਮੈਡਮ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰੀਤੂ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ, ਕਾਉਂਸਲਰ ਜਸਜੀਤ ਕੌਰ ਨਰਸਿੰਗ ਸਕੂਲ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਨਰਸਿੰਗ ਦੀਆਂ ਵਿਦਿਆਰਥਨਾਂ ਹਾਜ਼ਰ ਸਨ।