ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 16 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ ‘ਚ 16 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
ਰੂਪਨਗਰ, 18 ਮਾਰਚ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਲਗਾਏ ਜਾਂਦੇ ਹਫਤਾਵਰੀ ਪਲੇਸਮੈਂਟ ਕੈਪਾਂ ਦੀ ਲੜੀ ਤਹਿਤ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ 22 ਉਮੀਦਵਾਰਾਂ ਨੇ ਭਾਗ ਲਿਆ ਅਤੇ 16 ਉਮੀਦਵਾਰਾਂ ਦੀ ਮੌਕੇ ਤੇ ਹੀ ਨੌਕਰੀ ਲਈ ਚੋਣ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਚ.ਡੀ.ਐੱਫ.ਸੀ ਕੰਪਨੀ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਗ੍ਰੈਜ਼ੁਏਟ ਵਿੱਦਿਅਕ ਯੋਗਤਾ ਵਾਲੇ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ 19 ਤੋਂ 30 ਸਾਲ ਸੀ ਅਤੇ ਚੁਣੇ ਗਏ ਉਮੀਦਵਾਰਾਂ ਨੂੰ 3 ਲੱਖ ਪ੍ਰਤੀ ਸਾਲ – 4.25 ਲੱਖ ਪ੍ਰਤੀ ਸਾਲ ਤਨਖਾਹ ਮਿਲੇਗੀ। ਸੇਲਜ਼ ਅਫਸਰ ਦੀਆਂ ਅਸਾਮੀਆਂ ਲਈ 50 ਫ਼ੀਸਦੀ ਅੰਕਾਂ ਨਾਲ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਸ਼ਨ ਪਾਸ ਉਮੀਦਵਾਰ ਇੰਟਰਵਿਊ ਵਿੱਚ ਭਾਗ ਲੈ ਸਕਦਾ ਸੀ। ਇਨ੍ਹਾਂ ਅਸਾਮੀਆਂ ਤੇ ਚੁਣੇ ਗਏ ਉਮੀਦਾਵਾਰਾਂ ਨੂੰ 2.08 ਲੱਖ ਪ੍ਰਤੀ ਸਾਲ ਤੋਂ 2.88 ਲੱਖ ਪ੍ਰਤੀ ਸਾਲ ਤਨਖਾਹ ਮਿਲੇਗੀ। ਇਨ੍ਹਾਂ ਅਸਾਮੀਆਂ ਲਈ 19 ਸਾਲ ਤੋਂ 30 ਸਾਲ ਉਮਰ ਸੀਮਾ ਨਿਰਧਾਰਤ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਲਈ ਨੌਕਰੀ ਕਰਨ ਦਾ ਸਥਾਨ ਪੂਰੇ ਪੰਜਾਬ ਵਿੱਚ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਓਮ ਲੌਜਿਸਟਿਕਸ ਕੰਪਨੀ ਵੱਲੋਂ ਸਟੋਰ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਘੱਟੋ-ਘੱਟ ਬਾਰਵੀਂ ਪਾਸ ਵਿੱਦਿਅਕ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 2.2 ਲੱਖ ਪ੍ਰਤੀ ਸਾਲ ਤੋਂ 2.8 ਲੱਖ ਪ੍ਰਤੀ ਸਾਲ ਤਨਖਾਹ ਮਿਲੇਗੀ। ਇਨ੍ਹਾਂ ਅਸਾਮੀਆਂ ਲਈ ਉਮਰ ਹੱਦ 19 ਸਾਲ ਤੋਂ 27 ਸਾਲ ਨਿਰਧਾਰਤ ਕੀਤੀ ਗਈ ਸੀ।
ਇਸ ਦੇ ਨਾਲ ਹੀ ਈਕਾਮ ਐਕਸਪ੍ਰੈਸ ਕੰਪਨੀ ਵਿੱਚ ਲੌਜਿਸਟਿਕਸ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ ਬਾਰਵੀਂ ਪਾਸ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਚੁਣੇ ਗਏ ਵਾਲੇ ਉਮੀਦਵਾਰਾਂ ਨੂੰ 2.20 ਲੱਖ ਪ੍ਰਤੀ ਸਾਲ ਤੋਂ 2.60 ਲੱਖ ਪ੍ਰਤੀ ਸਾਲ ਤਨਖਾਹ ਮਿਲੇਗੀ। ਇਸ ਅਸਾਮੀ ਲਈ ਉਮਰ ਹੱਦ 19 ਸਾਲ ਤੋਂ 29 ਸਾਲ ਨਿਰਧਾਰਤ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਲਈ ਨੌਕਰੀ ਕਰਨ ਦਾ ਸਥਾਨ ਲੁਧਿਆਣਾ ਅਤੇ ਜਲੰਧਰ ਹੈ।