ਕਮਿਊਨਿਟੀ ਹੈਲਥ ਅਫਸਰਾਂ ਨੂੰ ਛਾਤੀ ਦੇ ਕੈਂਸਰ ਦੀ ਸਕਰੀਨਿੰਗ ਸਬੰਧੀ ਦਿੱਤੀ ਸਿਖਲਾਈ

ਕਮਿਊਨਿਟੀ ਹੈਲਥ ਅਫਸਰਾਂ ਨੂੰ ਛਾਤੀ ਦੇ ਕੈਂਸਰ ਦੀ ਸਕਰੀਨਿੰਗ ਸਬੰਧੀ ਦਿੱਤੀ ਸਿਖਲਾਈ
ਸ਼ੱਕੀ ਮਰੀਜ਼ ਮਿਲਣ ਤੇ ਤੁਰੰਤ ਸਿਵਲ ਹਸਪਤਾਲ ‘ਚ ਕੀਤਾ ਜਾਵੇ ਰੈਫਰ
ਰੂਪਨਗਰ, 3 ਮਾਰਚ: ਮਹਿਲਾਵਾਂ ਵਿਚ ਛਾਤੀ ਕੈਂਸਰ ਦੀ ਸਮੱਸਿਆ ਚਿੰਤਾਜਨਕ ਹੈ, ਜੇਕਰ ਸਮੇਂ ਸਿਰ ਇਸ ਦਾ ਪਤਾ ਚੱਲ ਜਾਵੇ ਤਾਂ ਇਲਾਜ ਸੰਭਵ ਹੈ। ਇਹ ਸ਼ਬਦ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸਵਪਨਜੀਤ ਕੌਰ ਨੇ ਕਮਿਊਨਿਟੀ ਹੈਲਥ ਅਫ਼ਸਰਾਂ ਲਈ ਬਰੈਸਟ ਕੈਂਸਰ ਸਕਰੀਨਿੰਗ ਕਰਨ ਸਬੰਧੀ ਟ੍ਰੇਨਿੰਗ ਵਿੱਚ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਹੈਲਥ ਐਂਡ ਵੈਲਨੈਸ ਸੈਂਟਰ ਤੇ ਮਹਿਲਾਵਾਂ ਦੀ ਬਰੈਸਟ ਕੈਂਸਰ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਸੀ.ਐੱਚ.ਓਜ਼ ਨੂੰ ਕਿਹਾ ਕਿ ਮਹਿਲਾਵਾਂ ਦੀ ਸਕਰੀਨਿੰਗ ਕੀਤੀ ਜਾਵੇ ਅਤੇ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।
ਡਾ. ਲਵਲੀਨ ਕੌਰ ਨੇ ਛਾਤੀ ਦੇ ਕੈਂਸਰ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਾਤੀ ਵਿੱਚ ਕਿਸੇ ਤਰ੍ਹਾਂ ਦੀ ਗੰਢ ਦਾ ਹੋਣਾ, ਛਾਤੀਆਂ ਵਿੱਚ ਫ਼ਰਕ ਮਹਿਸੂਸ ਹੋਣਾ, ਛਾਤੀ ਦੀ ਚਮੜੀ ਦਾ ਅੰਦਰ ਨੂੰ ਧਸਣਾ ਜਾਂ ਸੁੰਗੜਣਾ, ਛਾਤੀ ਦੀ ਨਿੱਪਲ ‘ਚੋਂ ਤਰਲ ਪਦਾਰਥ ਦਾ ਵਗਣਾ ਅਤੇ ਛਾਤੀ ‘ਚ ਭਾਰੀਪਣ ਹੋਣਾ ਜਦੋਂ ਵੀ ਤੁਹਾਡੇ ਸਰੀਰ ਵਿੱਚ ਕਿਤੇ ਗਿਲਟੀ/ਗੰਢ ਆਦਿ ਦਾ ਅਹਿਸਾਸ ਹੋਵੇ ਤਾਂ ਤੁਸੀਂ ਮਾਹਿਰ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਹਰ ਕੈਂਸਰ ਨੂੰ ਜਲਦੀ ਪਕੜਨਾ ਆਸਾਨ ਨਹੀਂ ਹੈ। ਛਾਤੀ ਸਰੀਰ ਦਾ ਬਾਹਰੀ ਅੰਗ ਹੈ, ਇਸ ਲਈ ਇਸ ਰੋਗ ਦੀ ਸ਼ਨਾਖਤ ਜਲਦੀ ਹੋ ਸਕਦਾ ਹੈ। ਮੈਮੋਗਰਾਫੀ ਜੋ ਘੱਟ ਸ਼ਕਤੀ ਵਾਲਾ ਐਕਸ-ਰੇ ਹੈ, ਦੀ ਮਦਦ ਨਾਲ ਬਹੁਤ ਅਗੇਤੇ ਪੜਾਅ ‘ਤੇ ਛਾਤੀ ਦਾ ਕੈਂਸਰ ਲੱਭਿਆ ਜਾ ਸਕਦਾ ਹੈ। ਸੰਸਾਰ ਪੱਧਰੀ ਸਿਫਾਰਿਸ਼ ਮੁਤਾਬਿਕ 50 ਸਾਲ ਤੋਂ ਉਪਰ ਦੀ ਹਰ ਔਰਤ ਨੂੰ ਘੱਟੋ-ਘੱਟ ਹਰ 2 ਸਾਲ ਵਿੱਚ ਇੱਕ ਵਾਰੀ ਮੈਮੋਗ਼ਰਾਫ਼ੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਕਿਸਮ ਪਤਾ ਕਰਕੇ ਅਗਲੇਰੇ ਟੈਸਟ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਕੈਂਸਰ ਦੀ ਗੰਭੀਰਤਾ ਅਤੇ ਇਲਾਜ ਸਬੰਧੀ ਫੈਸਲੇ ਕੀਤੇ ਹਨ। ਪੂਰੇ ਸਰੀਰ ਦੀ ਸਕੈਨਿੰਗ ਕਰਕੇ ਕੈਂਸਰ ਦੇ ਫੈਲਾਅ ਅਤੇ ਪੜਾਅ ਦਾ ਪਤਾ ਲਗਾਇਆ ਜਾਂਦਾ ਹੈ।
ਡਾ. ਲਵਲੀਨ ਕੌਰ ਨੇ ਦੱਸਿਆ ਕਿ ਛਾਤੀ ਦੇ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ ਬਿਮਾਰੀ ਸਿਰਫ ਛਾਤੀ ਤੱਕ ਸੀਮਤ ਹੁੰਦੀ ਹੈ ਅਤੇ ਗੰਢ ਬਹੁਤ ਛੋਟੀ ਹੁੰਦੀ ਹੈ। ਦੂਜੇ ਤੇ ਤੀਜੇ ਪੜਾਅ ਵਿੱਚ ਗੰਢ ਵੱਡੀ ਹੋ ਜਾਂਦੀ ਹੈ ਅਤੇ ਬਿਮਾਰੀ ਕੱਛਾਂ ਦੀਆਂ ਗ੍ਰੰਥੀਆਂ ਤੱਕ ਫੈਲ ਜਾਂਦੀ ਹੈ। ਚੌਥੇ ਪੜਾਅ ਵਿੱਚ ਬਿਮਾਰੀ ਛਾਤੀ ਤੋਂ ਦੂਰ ਦੇ ਅੰਗਾਂ ਵਿੱਚ ਪਹੁੰਚ ਜਾਂਦੀ ਹੈ। ਸਕਰੀਨਿੰਗ ਦੇ ਮੈਥਡ, ਲੱਛਣ, ਕਾਰਨ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਦੀ ਬਰੈਸਟ ਕੈਂਸਰ ਦੀ ਸਕਰੀਨਿੰਗ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਵੀ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਰੈਫਰ ਕਰਨ।