ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਰੂਪਨਗਰ ਦਾ ਦੌਰਾ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਰੂਪਨਗਰ ਦਾ ਦੌਰਾ ਕੀਤਾ
ਰੂਪਨਗਰ, 25 ਫ਼ਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਸ਼ਾ ਮੁਕਤੀ ਕੇਂਦਰ ਵਿਖੇ ਹੋ ਰਹੀਆਂ ਸਾਰੀਆਂ ਰੋਜ਼ਾਨਾ ਗਤੀਵਿਧੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਦਵਾਈਆਂ ਦੇ ਸਟਾਕ ਆਦਿ ਦਾ ਜ਼ਾਇਜਾ ਲਿਆ। ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਵਿੱਚੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਲਈ ਠੀਕ ਹੋਣ ਲਈ ਪ੍ਰੇਰਿਤ ਕੀਤਾ ਅਤੇ ਕੇਂਦਰ ਤੋਂ ਮਿਲ਼ ਰਹੀਆਂ ਸੇਵਾਵਾਂ ਬਾਰੇ ਪੁੱਛ ਪੜਤਾਲ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਲੜਨ ਦੇ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆ ਤਹਿਤ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੇ ਹਰ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਟੀਮਾਂ ਬਣਾ ਕੇ ਉਥੋਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਪੀੜਤਾਂ ਨੂੰ ਵਿਸ਼ਵਾਸ ਦਵਾ ਕੇ ਉਹਨਾਂ ਦੀ ਨਸ਼ਾ ਛਡਾਉਣ ਵਿੱਚ ਮੱਦਦ ਕੀਤੀ ਜਾਵੇ।
ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਏਰੀਏ ਵਿੱਚ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇ। ਜੇਕਰ ਕੋਈ ਮਾਨਸਿਕ ਬਿਮਾਰੀ ਨਾਲ ਪੀੜਤ ਵਿਅਕਤੀ ਵੀ ਆਪਣਾ ਇਲਾਜ਼ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਵਿਖੇ ਰੋਜਾਨਾਂ ਕੀਤੀ ਜਾਂਦੀ ਓਪੀਡੀ ਵਿੱਚ ਚੈਕਅੱਪ ਕਰਵਾ ਕੇ ਆਪਣਾ ਇਲਾਜ਼ ਕਰਵਾ ਸਕਦਾ ਹੈ। ਇਸ ਸਾਰੇ ਪ੍ਰੋਸੈਸ ਵਿੱਚ ਪੀੜਿਤ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।