ਜ਼ਿਲ੍ਹੇ ‘ਚ 35 ਮਾਡਲ ਆਂਗਣਵਾੜੀ ਕੇਂਦਰਾਂ ਦਾ ਕੰਮ ਹੋਇਆ ਪੂਰਾ, 3 ਮਹੀਨਿਆਂ ‘ਚ 50 ਹੋਰ ਬਣਾਏ ਜਾਣਗੇ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹੇ ‘ਚ 35 ਮਾਡਲ ਆਂਗਣਵਾੜੀ ਕੇਂਦਰਾਂ ਦਾ ਕੰਮ ਹੋਇਆ ਪੂਰਾ, 3 ਮਹੀਨਿਆਂ ‘ਚ 50 ਹੋਰ ਬਣਾਏ ਜਾਣਗੇ
ਬੱਚਿਆਂ ਤੇ ਔਰਤਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ – ਡਿਪਟੀ ਕਮਿਸ਼ਨਰ
ਰੂਪਨਗਰ, 21 ਫਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ 35 ਮਾਡਲ ਆਂਗਣਵਾੜੀ ਕੇਂਦਰਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਿਸ ਦਾ ਲਾਭ ਲਗਭਗ 5000 ਬੱਚੇ ਅਤੇ ਮਾਵਾਂ ਲੈਣਗੀਆਂ। ਆਉਣ ਵਾਲੇ 3 ਮਹੀਨਿਆਂ ਵਿੱਚ 50 ਹੋਰ ਮਾਡਲ ਆਂਗਣਵਾੜੀ ਕੇਂਦਰ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ ਉਹ ਵੀ ਪੂਰੇ ਹੋ ਜਾਣਗੇ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬੱਚਿਆਂ ਤੇ ਔਰਤਾਂ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਵੱਲੋਂ ਬੱਚਿਆਂ ਤੇ ਔਰਤਾਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਆਂਗਣਵਾੜੀ ਸੈਂਟਰ ਉਸਾਰੇ ਜਾ ਰਹੇ ਹਨ ਅਤੇ ਪੁਰਾਣੇ ਆਂਗਣਵਾੜੀ ਸੈਂਟਰਾਂ ਦੇ ਢਾਂਚੇ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਬੱਚਿਆਂ ਦੇ ਸਰੀਰਕ, ਬੋਧਾਤਮਕ ਅਤੇ ਭਾਵਨਾਤਮਕ ਵਿਕਾਸ ਲਈ ਅਨੁਕੂਲ ਵਾਤਾਵਰਨ ਬਣਾਉਣ ਦੀ ਪਹਿਲਕਦਮੀ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਆਂਗਣਵਾੜੀ ਕੇਂਦਰਾਂ ਵਿੱਚ ਬਾਲਾ ਥੀਮ ਤੇ ਆਧਾਰ ਤੇ ਵਾਲ ਪੇਂਟਿੰਗ/ ਗ੍ਰਾਫਿਕ, ਗੋਲ ਟੇਬਲ, ਵੱਖ-ਵੱਖ ਤਰ੍ਹਾਂ ਦੇ ਖਿਡੌਣੇ, ਸਲਾਈਡਰ, ਛੋਟੀਆਂ ਕੁਰਸੀਆਂ, ਵੱਡੀਆਂ ਕੁਰਸੀਆਂ, ਇੰਟਰਲਾਕਿੰਗ ਸਿੱਖਿਅਕ ਮੈਟਸ, ਵਾਈਟ ਬੋਰਡ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਲਈ ਬੇਬੀ ਟਾਇਲਟ ਵੀ ਬਣਾਈਆਂ ਗਈਆਂ ਹਨ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਸਪਲੀਮੈਂਟਰੀ ਨਿਊਟਰੇਸ਼ਨ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਖੁਰਾਕ ਵਿੱਚ ਨਮਕੀਨ ਦਲੀਆਂ, ਖਿਚੜੀ, ਮੁਰਮੁਰੇ, ਮਿੱਠਾ ਦਲੀਆਂ ਅਤੇ ਹੋਰ ਸਮਾਨ ਮੁਹੱਈਆਂ ਕੀਤਾ ਜਾਂਦਾ ਹੈ।