ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ-2025 ਆਯੋਜਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ-2025 ਆਯੋਜਿਤ
ਆਰਟੀਓ ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ ਦੀਆਂ ਰਚਨਾਵਾਂ ਨੇ ਕੀਲੇ ਵਿਦਿਆਰਥੀ
ਰੂਪਨਗਰ, 21 ਫਰਵਰੀ: ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਅਤੇ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ-2025 ਆਯੋਜਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮਾਤ ਭਾਸ਼ਾ ਦੀ ਅਜੋਕੇ ਸਮੇਂ ਵਿੱਚ ਲੋੜ ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਇਸਦੀ ਮੁੱਢਲੀ ਸਿਖਲਾਈ ਤੇ ਜੋਰ ਦੇਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਆਕਰਨ ਦੀਆਂ ਗਲਤੀਆਂ ਤੋਂ ਬਚਿਆ ਜਾ ਸਕੇ ਅਤੇ ਮਾਤ ਭਾਸ਼ਾ ਦੀ ਸਹੀ ਅਰਥਾਂ ਵਿੱਚ ਸੇਵਾ ਸੰਭਾਲ ਕੀਤੀ ਜਾ ਸਕੇ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਜਿੰਦਰ ਕੌਰ ਨੇ ਮੁੱਖ ਮਹਿਮਾਨ ਆਰ. ਟੀ. ਓ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ (ਪੀਸੀਐੱਸ) ਅਤੇ ਵਿਸ਼ੇਸ਼ ਮਹਿਮਾਨ ਡਾ. ਸ਼ਮਸ਼ੇਰ ਮੋਹੀ ਦਾ ਸਵਾਗਤ ਕੀਤਾ ਅਤੇ ਮਾਤ ਭਾਸ਼ਾ ਦੀ ਮਹੱਤਤਾ ਤੇ ਚਾਨਣਾ ਪਾਇਆ। ਪ੍ਰੋ. ਰਜਿੰਦਰ ਕੌਰ ਨੇ ਮਾਤ-ਭਾਸ਼ਾ ਸਬੰਧੀ ਸਮੂਹ ਹਾਜ਼ਰੀਨ ਨੂੰ ਸਹੁੰ ਚੁਕਾਈ। ਡਾ. ਜਤਿੰਦਰ ਕੁਮਾਰ ਨੇ ਆਏ ਮਹਿਮਾਨਾਂ ਦੇ ਜੀਵਨ ਬਿਓਰੇ ਸਬੰਧੀ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਸ. ਗੁਰਵਿੰਦਰ ਸਿੰਘ ਜੌਹਲ ਨੇ ਮਾਹੌਲ ਨੂੰ ਆਪਣੀਆਂ ਰਚਨਾਵਾਂ ਨਾਲ ਗਰਮਾ ਦਿੱਤਾ ਵਿਦਿਆਰਥੀਆਂ ਨੇ ਉਨ੍ਹਾਂ ਦੀ ਰਚਨਾ ‘ਸ਼ਾਲਾ ਸ਼ਾਨਾ ਉੱਚੀਆਂ ਰਹਿਣ ਪੰਜਾਬ ਦੀਆਂ’ ਨੂੰ ਭਰਪੂਰ ਢੰਗ ਨਾਲ ਮਾਣਿਆ ਅਤੇ ਸਰਾਹਿਆ। ਲਗਾਤਾਰ ਵਿਦਿਆਰਥੀਆਂ ਦੀ ਫਰਮਾਇਸ਼ ਤੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਤ ਆਪਣੀ ਮਸ਼ਹੂਰ ਰਚਨਾ ‘ਦੋ ਭਾਈਆਂ ਵਿੱਚ ਵੰਡੀ ਹੋਈ’ ਵੀ ਪੇਸ਼ ਕੀਤੀ।
ਵਿਸ਼ੇਸ਼ ਮਹਿਮਾਨ ਡਾ. ਸ਼ਮਸ਼ੇਰ ਮੋਹੀ ਨੇ ‘ਮਾਤ ਭਾਸ਼ਾ ਦੀ ਇਤਿਹਾਸਿਕ ਮਹੱਤਤਾ ਅਤੇ ਅਜੋਕਾ ਸੰਦਰਭ’ ਵਿਸ਼ੇ ਤੇ ਪੇਪਰ ਪੜ੍ਹਿਆ ਉਪਰੰਤ ਆਪਣੀਆਂ ਗਜ਼ਲਾਂ ਨਾਲ ਸਮਾਂ ਬੰਨ੍ਹ ਦਿੱਤਾ। ਉਨ੍ਹਾਂ ਦੀਆਂ ਗਜ਼ਲਾਂ ਦੇ ਵੱਖ-ਵੱਖ ਸ਼ੇਅਰਾਂ ਨੂੰ ਭਰਪੂਰ ਦਾਦ ਮਿਲੀ।
ਇਸ ਮੌਕੇ ਕ੍ਰਿਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਦੇ ਪ੍ਰਧਾਨ ਉੱਘੇ ਸਾਹਿਤਕਾਰ ਯਤਿੰਦਰ ਕੌਰ ਮਾਹਲ ਅਤੇ ਉੱਘੇ ਸਾਹਿਤਕਾਰ ਸ੍ਰੀਮਤੀ ਪਰਮਿੰਦਰ ਕੌਰ ਵੀ ਹਾਜ਼ਰ ਹੋਏ। ਪ੍ਰੋ. ਹਰਦੀਪ ਕੌਰ ਨੇ ਮੰਚ ਸੰਚਾਲਨ ਬਾਖੂਬੀ ਕੀਤਾ।
ਕਾਲਜ ਕੌਸਲ ਦੇ ਮੈਂਬਰ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਪੰਜਾਬੀ ਵਿਭਾਗ ਦੇ ਪ੍ਰੋ, ਹਰਸਿਮਰਤ ਕੌਰ, ਡਾ. ਨਰਿੰਦਰ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਤਰਨਜੋਤ ਕੌਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।