ਬੰਦ ਕਰੋ

ਸਰਕਾਰੀ ਮੱਛੀ ਪੂੰਗ ਫਾਰਮ, ਕਟਲੀ, ਰੂਪਨਗਰ ਵਿਖੇ ਤਾਜੇ/ ਮਿੱਠੇ ਪਾਣੀ ‘ਚ ਮੱਛੀ ਪਾਲਣ ਸੰਬੰਧੀ ਤਿੰਨ ਦਿਨਾਂ ਫਿਜੀਕਲ ਟ੍ਰੇਨਿੰਗ ਕੈਂ ਸਫਲਤਾ ਪੂਰਵਕ ਸਮਾਪਤ

ਪ੍ਰਕਾਸ਼ਨ ਦੀ ਮਿਤੀ : 21/02/2025
Successful completion of three days physical training on Fresh/fresh water fish farming at Govt Fish Poong Farm, Katli, Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਰਕਾਰੀ ਮੱਛੀ ਪੂੰਗ ਫਾਰਮ, ਕਟਲੀ, ਰੂਪਨਗਰ ਵਿਖੇ ਤਾਜੇ/ ਮਿੱਠੇ ਪਾਣੀ ‘ਚ ਮੱਛੀ ਪਾਲਣ ਸੰਬੰਧੀ ਤਿੰਨ ਦਿਨਾਂ ਫਿਜੀਕਲ ਟ੍ਰੇਨਿੰਗ ਕੈਂ ਸਫਲਤਾ ਪੂਰਵਕ ਸਮਾਪਤ

ਰੂਪਨਗਰ, 21 ਫਰਵਰੀ: ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨੀਲੀ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਤਾਜੇ/ ਮਿੱਠੇ ਪਾਣੀ ਵਿੱਚ ਮੱਛੀ ਪਾਲਣ ਵਿਸ਼ੇ ਅਧੀਨ ਇੱਕ ਤਿੰਨ ਰੋਜਾ ਟ੍ਰੇਨਿੰਗ ਕੈਂਪ ਮੱਛੀ ਪੂੰਗ ਫਾਰਮ, ਕਟਲੀ ਵਿਖੇ ਕੀਤਾ ਗਿਆ।

ਕੈਂਪ ਦੇ ਦੂਜੇ ਦਿਨ ਜਿਲ੍ਹਾ ਰੂਪਨਗਰ ਅਤੇ ਮੋਹਾਲੀ ਦੇ ਟ੍ਰੇਨੀਜ਼ ਨੂੰ ਪਿੰਡ ਮਾਣੇਮਾਜਰਾ ਅਤੇ ਕੰਧੋਲਾ, ਸ੍ਰੀ ਚਮਕੌਰ ਸਾਹਿਬ ਦੇ ਅਗਾਂਹ ਵਧੂ ਮੱਛੀ ਕਿਸਾਨਾਂ ਦੇ ਮੱਛੀ ਫਾਰਮਾਂ ਦਾ ਦੌਰਾ ਕਰਵਾਇਆ ਗਿਆ। ਜਿਸ ਦੌਰਾਨ ਇਨ੍ਹਾਂ ਅਗਾਂਹ ਵਧੂ ਮੱਛੀ ਕਿਸਾਨਾਂ ਵਲੋਂ ਟ੍ਰੇਨੀਜ਼ ਨਾਲ ਮੱਛੀ ਪਾਲਣ ਦੇ ਕਿੱਤੇ ਸੰਬੰਧੀ ਤਜਰਬੇ ਸਾਂਝੇ ਕੀਤੇ ਗਏ, ਜਿਸ ਤੋਂ ਕਈ ਕਿਸਾਨ ਪ੍ਰਭਾਵਿਤ ਹੋ ਕੇ ਇਸ ਕਿੱਤੇ ਨੂੰ ਅਪਨਾਉਣ ਲਈ ਉਤਸਾਹਿਤ ਨਜਰ ਆਏ।

ਕੈਂਪ ਦੇ ਤੀਜੇ ਦਿਨ ਮੱਛੀ ਪਾਲਣ ਅਤੇ ਮੱਛੀ ਪਾਲਣ ਨਾਲ ਸੰਬੰਧਤ ਸਹਾਇਕ ਕਿੱਤਿਆਂ ਬਾਰੇ ਸ੍ਰੀ ਸੰਦੀਪ ਵਸਿਸ਼ਟ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ, ਡਾ. ਗੁਲਗੁਲ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ, ਡਾ. ਚਤੁਰਜੀਤ ਸਿੰਘ, ਬਾਗਬਾਨੀ ਵਿਭਾਗ, ਰੂਪਨਗਰ, ਡਾ. ਅਪਰਨਾ, ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ, ਸੀਨੀਅਰ ਮੱਛੀ ਪਾਲਣ ਅਫ਼ਸਰ, ਰੂਪਨਗਰ ਸ੍ਰੀਮਤੀ ਤੇਜਿੰਦਰ ਕੌਰ ਅਤੇ ਸ੍ਰੀਮਤੀ ਅਮਰਦੀਪ ਕੌਰ ਵਲੋਂ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿੱਚ ਭਾਗ ਲੈਣ ਵਾਲੇ ਮੱਛੀ ਕਿਸਾਨਾਂ ਨੂੰ ਚੰਦਰਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ,ਰੂਪਨਗਰ ਵਲੋਂ ਉਨ੍ਹਾਂ ਦੇ ਦਫ਼ਤਰ ਵਿਖੇ ਖੁਦ ਆਪ ਟ੍ਰੇਨਿੰਗ ਸਰਟੀਫਿਕੇਟ ਵੰਡੇ ਅਤੇ ਸਿਖਿਆਰਥੀਆਂ ਦੀ ਹੌਸਲਾਅਫਜਾਈ ਕਰਦੇ ਹੋਏ ਵੱਖ-ਵੱਖ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਚਾਹਵਾਨ ਕਿਸਾਨ ਆਪਣੀ ਜਮੀਨ ਵਿੱਚ ਮੁਫ਼ਤ ਮੱਛੀ ਤਲਾਬ ਦੀ ਉਸਾਰੀ ਸਮੇਤ ਮੁਫ਼ਤ ਮੱਛੀ ਪੂੰਗ ਦੀ ਸੁਵਿਧਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾ ਵਲੋਂ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਉਨ੍ਹਾਂ ਵਲੋਂ ਜਿਲ੍ਹੇ ਦੇ ਤਿੰਨ ਉੱਘੇ ਮੱਛੀ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੈਂਪ ਦੀ ਸਮਾਪਤੀ ਤੇ ਸਭ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।