ਸਰਕਾਰੀ ਕਾਲਜ ਰੋਪੜ ਵਿਖੇ ਫੁੱਲਾਂ ਦੇ ਪ੍ਰਬੰਧ ਤੇ ਸਜਾਵਟ ਅਤੇ ਬੇਸਿਕ ਆਫ ਬੇਕਰੀ ਸਬੰਧੀ ਦਿੱਤੀ ਸਿਖਲਾਈ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਫੁੱਲਾਂ ਦੇ ਪ੍ਰਬੰਧ ਤੇ ਸਜਾਵਟ ਅਤੇ ਬੇਸਿਕ ਆਫ ਬੇਕਰੀ ਸਬੰਧੀ ਦਿੱਤੀ ਸਿਖਲਾਈ
ਕਿੱਤਾ ਮੁਖੀ ਕੋਰਸਾਂ ਅਧੀਨ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿੱਤੀ ਜਾ ਰਹੀ ਸਿਖਲਾਈ
ਰੂਪਨਗਰ, 7 ਫਰਵਰੀ: ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ ਕੋਰਸਾਂ ਅਧੀਨ ਫੁੱਲਾਂ ਦੇ ਪ੍ਰਬੰਧ ਤੇ ਸਜਾਵਟ ਅਤੇ ਬੇਸਿਕ ਆਫ ਬੇਕਰੀ ਸਬੰਧੀ ਸਿਖਲਾਈ ਦਿੱਤੀ ਗਈ।
ਭੂਗੋਲ ਵਿਭਾਗ ਦੇ ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਅਨੂੰ ਭਾਦੂ ਦੀ ਅਗਵਾਈ ਹੇਠ ਫੁੱਲਾਂ ਦੇ ਪ੍ਰਬੰਧ ਅਤੇ ਸਜਾਵਟ ਬਾਰੇ ਵਿਦਿਆਰਥੀਆਂ ਨੂੰ ਛੇ ਰੋਜ਼ਾ ਸਿਖਲਾਈ ਪ੍ਰੋਗਰਾਮ ਅਧੀਨ ਸਿਖਲਾਈ ਦਿੱਤੀ ਗਈ ਜਿਸ ਵਿੱਚ 32 ਵਿਦਿਆਰਥਣਾਂ ਨੇ ਭਾਗ ਲਿਆ।
ਪੇਸ਼ੇਵਰ ਕਿੱਤਾਕਾਰ ਸ਼੍ਰੀ ਮਨੋਜ ਕੁਮਾਰ ਨੇ ਵਿਦਿਆਰਥਣਾਂ ਨੂੰ ਫੁੱਲਾਂ ਦੇ ਪ੍ਰਬੰਧ ਅਤੇ ਸਜਾਵਟ ਸਬੰਧੀ ਵਿਵਹਾਰਕ ਸਿਖਲਾਈ ਦਿੱਤੀ ਅਤੇ ਇਸ ਨੂੰ ਪੇਸ਼ੇ ਵਜੋ ਅਪਣਾਉਣ ਲਈ ਉਤਸ਼ਾਹਤ ਵੀ ਕੀਤਾ। ਸਿਖਲਾਈ ਪ੍ਰਾਪਤ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਇਸੇ ਲੜੀ ਤਹਿਤ ਪ੍ਰੋ. ਕੁਲਦੀਪ ਕੌਰ ਅਤੇ ਪ੍ਰੋ. ਰਵਨੀਤ ਕੌਰ ਦੀ ਅਗਵਾਈ ਹੇਠ ਬੇਸਿਕ ਆਫ ਬੇਕਰੀ ਸਬੰਧੀ ਛੇ ਰੋਜਾ ਸਿਖਲਾਈ ਪ੍ਰੋਗਰਾਮ ਅਧੀਨ 71 ਵਿਦਿਆਰਥੀਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਕੇਕ ਬਣਾਉਣਾ, ਕੁਕੀਜ, ਡਰਾਈ ਕੇਕ, ਕੱਪ ਕੇਕ ਸਬੰਧੀ ਵਿਵਹਾਰਕ ਸਿਖਲਾਈ ਦਿੱਤੀ ਗਈ। ਹੋਮ ਬੇਕਰ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਮੁੱਢਲੀ ਜਾਣਕਾਰੀ ਅਧੀਨ ਵੱਖ-ਵੱਖ ਪਦਾਰਥਾਂ ਦੀ ਮਾਤਰਾ, ਸਮਾਂ, ਸਜਾਵਟ ਅਤੇ ਪੇਸ਼ਕਾਰੀ ਸਬੰਧੀ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਣਕਾਰੀ ਦਿੱਤੀ।
ਕੈਰੀਅਰ ਕੌਂਸਲਿੰਗ ਅਤੇ ਅਤੇ ਗਾਈਡੈਂਸ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਹੁਨਰਮੰਦ ਬਣਾਉਣ ਲਈ ਇਹ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ।