ਕੁਸ਼ਟ ਨਿਵਾਰਣ ਦਿਵਸ ਮੌਕੇ ਸਿਵਲ ਸਰਜਨ ਦਫ਼ਤਰ ਦੇ ਸਟਾਫ ਨੇ ਲਿਆ ਪ੍ਰਣ
![On the occasion of Leprosy Eradication Day, the staff of the Civil Surgeon Office took a pledge](https://cdn.s3waas.gov.in/s3e2c0be24560d78c5e599c2a9c9d0bbd2/uploads/2025/01/2025013155-scaled.jpg)
ਕੁਸ਼ਟ ਨਿਵਾਰਣ ਦਿਵਸ ਮੌਕੇ ਸਿਵਲ ਸਰਜਨ ਦਫ਼ਤਰ ਦੇ ਸਟਾਫ ਨੇ ਲਿਆ ਪ੍ਰਣ
ਲੱਛਣ ਦਿਖਾਈ ਦੇਣ ‘ਤੇ ਤੁਰੰਤ ਸਿਹਤ ਕੇਂਦਰ ਤੱਕ ਪਹੁੰਚ ਕੀਤੀ ਜਾਵੇ – ਸਿਵਲ ਸਰਜਨ
ਸਾਰੇ ਸਿਹਤ ਕੇਂਦਰਾਂ ‘ਚ ਕੁਸ਼ਟ ਰੋਗ ਦਾ ਮੁਫ਼ਤ ਇਲਾਜ ਉਪਲੱਬਧ – ਡਾ. ਅਮਨਦੀਪ ਕੌਰ
ਰੂਪਨਗਰ, 30 ਜਨਵਰੀ: ਕੁਸ਼ਟ ਨਿਵਾਰਨ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੇ ਮੌਕੇ ‘ਤੇ ਸਮੂਹ ਸਟਾਫ ਵੱਲੋਂ ਕੁਸ਼ਟ ਰੋਗ ਸੰਬੰਧੀ ਪ੍ਰਣ ਲਿਆ ਗਿਆ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਨੂੰ 30 ਜਨਵਰੀ 2025 ਤੋਂ 13 ਫਰਵਰੀ 2025 ਤੱਕ ਚਲਾਇਆ ਜਾ ਰਿਹਾ ਹੈ। ਕੁਸ਼ਟ ਰੋਗ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਚਮੜੀ ‘ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ ‘ਤੇ ਗਰਮ-ਠੰਢੇ ਦਾ ਪਤਾ ਨਾ ਲੱਗੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ, ਅਜਿਹੇ ਲੱਛਣ ਹੋਣ ‘ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਮਾਹਿਰ ਡਾਕਟਰ ਕੋਲ ਚੈਕਅੱਪ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਇਸ ਰੋਗ ਤੋ ਹੋਣ ਵਾਲੀ ਕਰੂਪਤਾ (ਦਿਵਿਆਂਗਤਾ) ਤੋਂ ਬਚਿਆ ਜਾ ਸਕੇ।
ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਕੁਸ਼ਟ ਰੋਗ ਇਲਾਜਯੋਗ ਹੈ ਅਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਸ ਦਾ ਮੁਫ਼ਤ ਇਲਾਜ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗੀ ਨਾਲ ਬੈਠਣ, ਖਾਣ, ਘੁੰਮਣ-ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ ।
ਇਸ ਮੌਕੇ ਡਾ. ਨਵਰੂਪ ਕੌਰ, ਡਾ. ਉਪਿੰਦਰ ਸਿੰਘ, ਡਾ. ਡੋਰੀਆ ਬੱਗਾ, ਡਾ. ਜਤਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਕੌਰ ਆਦਿ ਹਜ਼ਾਰ ਸਨ।