ਜ਼ਿਲ੍ਹਾ ਵਾਤਾਵਰਣ ਕਮੇਟੀ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਧਿਕਾਰੀ : ਵਧੀਕ ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਵਾਤਾਵਰਣ ਕਮੇਟੀ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਧਿਕਾਰੀ : ਵਧੀਕ ਡਿਪਟੀ ਕਮਿਸ਼ਨਰ
ਚਾਈਨਾ ਡੋਰ ਦੀ ਵਰਤੋਂ ਦੀ ਪਾਬੰਦੀ ਨੂੰ ਮੁਕੰਮਲ ਤੌਰ ਉਤੇ ਲਾਗੂ ਕਰਵਾਉਣ ਲਈ ਸਖ਼ਤ ਕਾਰਵਾਈ ਕਰਨ ਲਈ ਕਿਹਾ
ਰੂਪਨਗਰ, 29 ਜਨਵਰੀ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਵਾਤਾਵਰਣ ਅਤੇ ਪਾਣੀ ਦੇ ਸਰੋਤਾਂ ਨੂੰ ਸਾਫ ਸੁਥਰਾ ਅਤੇ ਸੁਰੱਖਿਅਤ ਕਰਨ ਦੇ ਮੰਤਵ ਨਾਲ ਜਾਰੀ ਕੀਤੀ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਮੀਟਿੰਗ ਵਿਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ।
ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਪ੍ਰਦੂਸ਼ਣ ਅਤੇ ਕੂੜਾ ਪ੍ਰਬੰਧਨ ਨੂੰ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸ਼ਹਿਰਾਂ ਅੰਦਰ ਡੰਪ ਸਾਈਟਾਂ ਨੂੰ ਪੂਰਨ ਤੌਰ ’ਤੇ ਹਟਾਉਣਾ ਲਾਜ਼ਮੀ ਹੈ।
ਉਨ੍ਹਾਂ ਖਾਸ ਤੌਰ ਉਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਨੂੰ ਬਿਹਤਰ ਢੰਗ ਨਾਲ ਅਮਲ ਵਿੱਚ ਲਿਆਉਣ ਉੱਤੇ ਜ਼ੋਰ ਦਿੱਤਾ, ਜਿਸ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਕੇ ਇਸ ਦਾ ਠੋਸ ਤੇ ਤਕਨੀਕੀ ਢੰਗ ਨਾਲ ਪ੍ਰਬੰਧਨ ਕਰਨ ਬਾਰੇ ਕਿਹਾ ਅਤੇ ਸਾਰੇ ਜ਼ਿਲ੍ਹੇ ਵਿੱਚ ਕੰਪੋਸਟ ਪਿਟਸ ਨੂੰ 100 ਫ਼ੀਸਦ ਯਕੀਨਨ ਕਰਨ ਦੀ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮਟੀਰੀਅਲ ਰਿਕਵਰੀ ਸੇਵਾਵਾਂ (ਵੱਖ-ਵੱਖ ਤਰ੍ਹਾਂ ਦੇ ਕੂੜੇ ਦੀ ਸੰਭਾਲ) ਦਾ ਨਿੱਜੀ ਤੌਰ ਉਤੇ ਜਾ ਕੇ ਨਿਰੀਖਣ ਕਰਨ।<p>ਉਨ੍ਹਾਂ ਪਿੰਡਾਂ ਵਿਚ ਟੋਬਿਆਂ ਦੇ ਪਾਣੀ ਨੂੰ ਥਾਪਰ ਮਾਡਲ ਰਾਹੀਂ ਸਾਫ ਕਰਕੇ ਸੰਚਾਈ ਦੀ ਵਰਤੋਂ ਵਿਚ ਲਿਆਉਣ ਲਈ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਲਾਕ ਵਿਕਾਸ ਅਫਸਰ, ਸਰਪੰਚਾਂ ਨੂੰ ਜਾਗਰੂਕ ਕਰਕੇ ਇਸ ਮਾਡਲ ਨੂੰ ਜ਼ਿਲ੍ਹੇ ਦੇ ਹਰ ਪਿੰਡ ਵਿਚ ਪਹੁੰਚਾਉਣ ਅਤੇ ਕੂੜੇ ਸਮੇਤ ਪਲਾਸਟਿਕ ਪ੍ਰਬੰਧਨ ਦਾ ਨਿਪਟਾਰਾ ਵੀ ਪਿੰਡਾਂ ਵਿਚ ਕਰਨਾ ਯਕੀਨੀ ਕਰਨ।
ਉਨ੍ਹਾਂ ਨਗਰ ਕੌਂਸਲਾਂ, ਪੰਚਾਇਤਾਂ ਦੇ ਕਾਰਜਕਾਰੀ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ 2 ਫਰਵਰੀ ਨੂੰ ਆਉਣ ਵਾਲੀ ਬਸੰਤ ਪੰਚਮੀ ਦੇ ਮੱਦੇਨਜ਼ਰ ਇਸ ਹਫਤੇ ਚਾਈਨਾ ਡੋਰ ਦੀ ਵਰਤੋਂ ਦੀ ਪਾਬੰਦੀ ਨੂੰ ਮੁਕੰਮਲ ਤੌਰ ਉਤੇ ਲਾਗੂ ਕਰਵਾਉਣ ਅਤੇ ਦੁਕਾਨਾਂ ਸਮੇਤ ਚਾਈਨਾਂ ਡੋਰ ਦਾ ਭੰਡਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ। ਪੂਜਾ ਸਿਆਲ ਗਰੇਵਾਲ ਨੇ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਉਹ ਟੀਮਾਂ ਦਾ ਗਠਨ ਕਰਕੇ ਚਾਇਨਾ ਡੋਰ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਜ਼ਿਲ੍ਹੇ ਵਿੱਚ ਜਿਥੇ ਵੀ ਪਤੰਗ ਬਾਜ਼ਾਰ ਹਨ ਉਨ੍ਹਾਂ ਥਾਵਾਂ ਉਤੇ ਚਾਈਨਾ ਡੋਰ ਵਿਰੁੱਧ ਧਾਰਵਾਂ ਦਾ ਜ਼ਿਕਰ ਕਰਕੇ ਪੋਸਟਰ ਲਗਾਏ ਜਾਣ ਅਤੇ ਸਮੇਂ ਸਮੇਂ ਸਿਰ ਚਾਇਨਾਂ ਡੋਰ ਵੇਚਲ ਵਾਲਿਆਂ ਵਿਰੁੱਧ ਛਾਪੇਮਾਰੀ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਖੇਤਰ ਅਧੀਨ ਪੈਂਦੇ ਜਨਤਕ ਥਾਵਾਂ ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਬੰਧਤ ਮੀਟਿੰਗ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਹੋਰ ਵਿਭਾਗਾਂ ਦਾ ਸਾਥ ਲੈਣ ਲਈ ਸਹਿਯੋਗ ਮੰਗਿਆ ਗਿਆ।
ਮੀਟਿੰਗ ਦੌਰਾਨ ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਦੀ ਸਾਂਭ ਸੰਭਾਲ ਤੋਂ ਇਲਾਵਾ ਪਲਾਸਟਿਕ ਵੇਸਟ ਦੀ ਸਾਂਭ ਸੰਭਾਲ, ਗੰਦੇ ਪਾਣੀ ਦੀ ਟਰੀਟਮੈਂਟ, ਸਿੰਗਲ ਯੂਜ ਪਲਾਸਟਿਕ ਤੇ ਰੋਕਥਾਮ, ਹਵਾ ਪ੍ਰਦੂਸ਼ਣ ਅਤੇ ਹੋਰ ਵਾਤਾਵਰਣ ਦੇ ਮੁਦਿਆ ਬਾਰੇ ਸਬੰਧਤ ਵਿਭਾਗਾਂ ਨਾਲ ਚੱਲ ਰਹੇ ਕੰਮਾਂ ਦੀ ਸਮਿਖਿਆ ਕੀਤੀ ਗਈ।
ਇਸ ਮੌਕੇ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਬੀਰਦਵਿੰਦਰ ਸਿੰਘ, ਐੱਸਡੀਓ ਗੁਰਿੰਦਰਪਾਲ ਸਿੰਘ ਛੀਨਾ, ਡੀ.ਐਸ.ਪੀ ਮੋਹਿਤ ਬਾਂਸਲ ਸਮੇਤ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ, ਕਾਰਜਸਾਧਕ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।