ਬਾਲ ਮੌਤ ਸਮੀਖਿਆ ਵਿਸ਼ੇ ਤੇ ਦੋ ਰੋਜਾ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ
ਬਾਲ ਮੌਤ ਸਮੀਖਿਆ ਵਿਸ਼ੇ ਤੇ ਦੋ ਰੋਜਾ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ
ਰੂਪਨਗਰ, 09 ਜਨਵਰੀ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਦਫਤਰ ਸਿਵਲ ਸਰਜਨ ਰੂਪਨਗਰ ਦੀ ਟਰੇਨਿੰਗ ਹਾਲ ਵਿਖੇ ਮੈਡੀਕਲ ਅਫਸਰਾਂ ਦੀ ਦੋ ਦਿਨ ਦੀ ਬਾਲ ਮੌਤ ਦੀ ਸਮੀਖਿਆ ਸਬੰਧੀ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਗਿਆ।
ਇਸ ਟ੍ਰੇਨਿੰਗ ਕੈਂਪ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਮਨੋਰਥ ਨਾਲ ਇਹ ਦੋ ਰੋਜਾ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਹਰ ਮ੍ਰਿਤਕ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਕੇ ਉਨ੍ਹਾਂ ਨੂੰ ਖਤਮ ਕਰਨ ਦਾ ਮਨੋਰਥ ਨਾਲ ਬਾਲ ਮੌਤ ਦੀ ਸਮੀਖਿਆ ਕੀਤੀ ਜਾਂਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਇਸ ਦਾ ਉਦੇਸ਼ ਸਿਹਤ ਸੰਸਥਾਵਾਂ ਵਿੱਚ ਮਾਵਾਂ ਦੀ ਸਿਹਤ ਲਈ ਉਪਲੱਬਧ ਸੇਵਾਵਾਂ ਦੀ ਅਤੇ ਸਮੱਸਿਆਵਾਂ ਦੀ ਤੁਰੰਤ ਪਛਾਣ ਕਰਨਾ ਤੇ ਉਨ੍ਹਾਂ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਬਾਲ ਮੌਤ ਦਰ ਨੂੰ ਘਟਾਉਣਾ ਰਾਸ਼ਟਰੀ ਮਿਸ਼ਨ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਹੈ ਤੇ ਦੇਸ਼ ਵਿੱਚ ਜਿਆਦਾਤਰ ਬਾਲ ਮੌਤਾਂ ਨੂੰ ਰੋਕਣਾ ਸੰਭਵ ਹੈ। ਜਿਸ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੱਚਿਆਂ ਦੀਆਂ ਮੌਤਾਂ ਦਾ ਜਾਇਜ਼ਾ ਲੈਣ ਲਈ ਇੱਕ ਤੰਤਰ ਬਣਾਇਆ ਗਿਆ ਹੈ। ਜਿਸ ਤਹਿਤ ਹਰ ਬੱਚੇ ਦੀ ਮੌਤ ਦਰ ਦੀ ਰਿਪੋਰਟ ਕੀਤੀ ਜਾਂਦੀ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਸੁਧਾਰਤਮਕ ਕਾਰਵਾਈ ਕੀਤੀ ਜਾਂਦੀ ਹੈ ਮੌਤ ਤੋਂ ਬਾਅਦ ਜੋ ਵੀ ਕਾਰਨ ਸਾਹਮਣੇ ਆਉਂਦੇ ਹਨ ਉਹਨਾਂ ਨੂੰ ਦੂਰ ਕਰਕੇ ਸਿਹਤ ਪ੍ਰਣਾਲੀ ਨੂੰ ਸਕਰਾਤਮਕ ਅਤੇ ਗੁਣਾਤਮਕ ਤੌਰ ਤੇ ਸੁਧਾਰਾਂ ਦੇ ਯਤਨ ਕੀਤੇ ਜਾਂਦੇ ਹਨ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਨੇ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਖਤਰੇ ਦੇ ਚਿੰਨ ਲੱਛਣ ਕਾਰਨ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਜਨਮ ਤੋਂ ਤੁਰੰਤ ਬਾਅਦ ਸੰਭਾਲਣ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ।
ਇਸ ਮੌਕੇ ਡਾ. ਗੁਰਸੇਵਕ ਸਿੰਘ, ਡਾ. ਸੁਖਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਅਤੇ ਵੱਖ-ਵੱਖ ਬਲਾਕਾਂ ਤੋਂ ਮੈਡੀਕਲ ਅਫਸਰ ਹਾਜ਼ਰ ਸਨ।